ਹੰਬੜਾਂ, 19 ਮਈ (ਮੇਜਰ ਹੰਬੜਾਂ)-ਹੰਬੜਾਂ ਨੇੜੇ ਪਿੰਡ ਸਲੇਮਪੁਰ 'ਚ ਵਾਪਰੇ ਥਾਰ (ਜੀਪ) ਅਤੇ ਮੋਟਰਸਾਈਕਲ ਦੀ ਸਿੱਧੀ ਟੱਕਰ 'ਚ ਮੋਟਰਸਾਈਕਲ ਚਾਲਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋਣ ਦਾ ਸਮਾਚਾਰ ਹੈ | ਘਟਨਾ ਸਥਾਨ 'ਤੇ ਪੁੱਜੇ ਪੁਲਿਸ ਚੌਕੀ ਹੰਬੜਾਂ ਦੇ ਹੌਲਦਾਰ ਜੀਤੂ ਕੁਮਾਰ, ਹੌਲਦਾਰ ਬਲਵਿੰਦਰ ਸਿੰਘ ਅਤੇ ਪੀ.ਸੀ.ਆਰ ਦਸਤੇ ਦੇ ਏ.ਐੱਸ.ਆਈ ਰਣਵੀਰ ਸਿੰਘ ਦੀ ਪੁਲਿਸ ਟੀਮ ਨੇ ਥਾਰ (ਜੀਪ) ਨੂੰ ਕਬਜ਼ੇ 'ਚ ਲੈਂਦਿਆਂ ਮਿ੍ਤਕ ਨੌਜਵਾਨ ਦੀ ਲਾਸ਼ ਦੀ ਸ਼ਨਾਖਤ ਕਰਨ ਸੰਬੰਧੀ ਕਾਰਵਈ ਅਮਲ ਵਿਚ ਲਿਆਂਦੀ | ਜਿਸ ਸਬੰਧੀ ਹੌਲਦਾਰ ਜੀਤੂ ਕੁਮਾਰ ਨੇ ਦੱਸਿਆ ਕਿ ਲੁਧਿਆਣਾ ਸਾਈਡ ਤੋਂ ਹੰਬੜਾਂ ਵੱਲ ਆ ਰਹੀ ਥਾਰ ਜੀਪ ਜਿਸ ਨੂੰ ਨੌਜਵਾਨ ਚਲਾ ਰਿਹਾ ਸੀ, ਜਿਸ ਦੀ ਹੰਬੜਾਂ ਸਾਈਡ ਤੋਂ ਲੁਧਿਆਣਾ ਨੂੰ ਜਾ ਰਹੇ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਦੀ ਸਲੇਮਪੁਰ ਵਿਖੇ ਪੁੱਜਣ 'ਤੇ ਸਿੱਧੀ ਥਾਰ ਜੀਪ ਨਾਲ ਟੱਕਰ ਹੋ ਗਈ, ਟੱਕਰ ਇਨੀ ਭਿਆਨਕ ਸੀ ਕਿ ਨੌਜਵਾਨ ਦੇ ਸਿਰ ਥਾਰ ਦੇ ਸ਼ੀਸ਼ੇ 'ਚ ਲੱਗਣ ਨਾਲ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਤੇ ਥਾਰ ਜੀਪ ਦਾ ਫਰੰਟ ਦਾ ਸ਼ੀਸ਼ਾ ਟੁੱਟ ਗਿਆ | ਉਕਤ ਹਾਦਸੇ 'ਚ ਮੌਕੇ 'ਤੇ ਦਮ ਤੋੜ ਗਏ ਮਿ੍ਤਕ ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ (37) ਵਾਸੀ ਕਤਵਾਈ ਨਗਰ ਲੁਧਿਆਣਾ ਵਜੋਂ ਹੋਈ ਹੈ ਤੇ ਥਾਰ ਚਾਲਕ ਨੌਜਵਾਨ ਦੀ ਪਛਾਣ ਹਰਜੋਤ ਸਿੰਘ ਵਜੋਂ ਦੱਸੀ ਜਾ ਰਹੀ ਹੈ | ਹੌਲਦਾਰ ਜੀਤੂ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਮਿ੍ਤਕ ਨੌਜਵਾਨ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਤੇ ਅਗਲਈ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |