ਰਾਏਕੋਟ, 19 ਮਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਨਗਰ ਕੌਂਸਲ ਚੋਣਾਂ-2026 ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖ਼ਲ ਕਰਨ ਦੇ ਬਾਅਦ ਆਪੋ-ਆਪਣੀਆਂ ਚੋਣ ਸਰਗਰਮੀਆਂ 'ਚ ਤੇਜ਼ੀ ਲਿਆਂਦੀ ਗਈ ਹੈ | ਵਾਰਡ ਨੰਬਰ-08 ਤੋਂ ਇਮਾਨਦਾਰ ਤੇ ਸੂਝਵਾਨ ਅਕਾਲੀ ਆਗੂ ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਏਕੋਟ ਚੋਣ ਮੈਦਾਨ 'ਚ ਨਿੱਤਰੇ ਹਨ ਅਤੇ ਉਨ੍ਹਾਂ ਨੇ ਡੱਟ ਕੇ ਚੋਣਾਂ ਲੜ੍ਹਨ ਦਾ ਐਲਾਨ ਕੀਤਾ | ਇਸ ਮੌਕੇ ਅਕਾਲੀ ਉਮੀਦਵਾਰ ਅਮਨਦੀਪ ਸਿੰਘ ਗਿੱਲ ਨੇ ਪੱਤਰਕਾਰਾਂ ਰਾਹੀਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਅਤੇ ਸਾਫ਼-ਸੁੱਥਰੇ ਪ੍ਰਬੰਧਾਂ ਲਈ ਉਨ੍ਹਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਸੇਵਾ ਦਾ ਮੌਕਾ ਦੇਣ | ਗਿੱਲ ਨੇ ਕਿਹਾ ਕਿ ਵਾਰਡ ਨੰਬਰ-08 ਵਿੱਚ ਪਿਛਲੇ ਲੰਮੇ ਸਮੇਂ ਲਟਕਦੀਆਂ ਆ ਰਹੀਆਂ ਸਮੱਸਿਆਵਾਂ ਕਾਰਨ ਲੋਕਾਂ ਲਈ ਮੁਸ਼ਕਿਲ ਬਣੀ ਹੋਈ ਹੈ | ਜੇਕਰ ਵਾਰਡ ਵਾਸੀ ਉਨ੍ਹਾਂ ਨੂੰ ਜਿਤਾਉਂਦੇ ਹਨ ਤਾਂ ਉਹ ਪਹਿਲ ਦੇ ਆਧਾਰ 'ਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ | ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਚੋਣ ਜਿੱਤਣਾ ਨਹੀਂ, ਸਗੋਂ ਵਾਰਡ ਨੂੰ ਆਦਰਸ਼ ਵਾਰਡ ਬਣਾਉਣਾ ਹੈ, ਜਿੱਥੇ ਹਰ ਨਾਗਰਿਕ ਨੂੰ ਮੁੱਢਲੀਆਂ ਸਹੂਲਤਾਂ ਬਿਨਾਂ ਕਿਸੇ ਵਿਤਕਰੇ ਦੇ ਮਿਲ ਸਕਣ | ਉਨ੍ਹਾਂ ਵਾਅਦਾ ਕੀਤਾ ਕਿ ਉਹ ਹਮੇਸ਼ਾ ਵਾਰਡ ਵਾਸੀਆਂ ਦੇ ਦਰਵਾਜ਼ੇ 'ਤੇ ਹਾਜ਼ਰ ਰਹਿਣਗੇ ਅਤੇ ਹਰ ਛੋਟੀ-ਵੱਡੀ ਸਮੱਸਿਆ ਨੂੰ ਤਰਜੀਹ ਦੇ ਆਧਾਰ 'ਤੇ ਹੱਲ ਕਰਵਾਉਣਗੇ | ਅਮਨਦੀਪ ਸਿੰਘ ਗਿੱਲ ਨੇ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਇਸ ਵਾਰ ਵਾਰਡ ਦੇ ਲੋਕ ਵਿਕਾਸ ਦੇ ਹੱਕ ਵਿਚ ਫ਼ੈਸਲਾ ਲੈਣਗੇ |