10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

'ਆਪ' ਤੇ ਕਾਂਗਰਸ ਦੇ 9-9, ਭਾਜਪਾ ਦੇ 4 ਅਤੇ ਇਕ ਆਜ਼ਾਦ ਉਮੀਦਵਾਰ ਜਿੱਤਿਆ

ਅਜੀਤ ਡੈਸਕ 30-05-2026
ਜਗਰਾਉਂ, 29 ਮਈ (ਸ਼ਮਸ਼ੇਰ ਸਿੰਘ ਗਾਲਿਬ, ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ, ਵਿਨੋਦ ਕੁਮਾਰ)-ਜਗਰਾਉਂ ਨਗਰ ਕੌਂਸਲ ਚੋਣਾਂ ਦੇ ਨਤੀਜੇ ਇਸ ਵਾਰ ਬੇਹੱਦ ਦਿਲਚਸਪ ਅਤੇ ਰਾਜਨੀਤਿਕ ਤੌਰ 'ਤੇ ਅਹਿਮ ਸਾਬਤ ਹੋਏ ਹਨ | 23 ਵਾਰਡਾਂ ਵਾਲੀ ਇਸ ਚੋਣ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ ਦੇਖਣ ਨੂੰ ਮਿਲੀ | ਦੋਵਾਂ ਪਾਰਟੀਆਂ ਨੇ 9-9 ਸੀਟਾਂ ਜਿੱਤ ਕੇ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ, ਜਦਕਿ ਭਾਜਪਾ 4 ਸੀਟਾਂ ਨਾਲ ਤੀਜੇ ਸਥਾਨ 'ਤੇ ਰਹੀ | ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ, ਜਿਸ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ, ਪਰ ਇਕ ਅਕਾਲੀ ਦਲ ਦਾ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ | ਚੋਣ ਨਤੀਜਿਆਂ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਜਗਰਾਉਂ ਦਾ ਸ਼ਹਿਰੀ ਵੋਟਰ ਇਸ ਵਾਰ ਕਿਸੇ ਇਕ ਪਾਰਟੀ ਦੇ ਹੱਕ ਵਿਚ ਪੂਰੀ ਤਰ੍ਹਾਂ ਨਹੀਂ ਗਿਆ | ਹਾਲਾਂਕਿ ਭਾਜਪਾ ਨੂੰ ਸ਼ਹਿਰੀ ਇਲਾਕਿਆਂ 'ਚ ਚੰਗੀ ਉਮੀਦ ਜਤਾਈ ਜਾ ਰਹੀ ਸੀ, ਪਰ ਪਾਰਟੀ ਉਮੀਦਾਂ ਅਨੁਸਾਰ ਪ੍ਰਦਰਸ਼ਨ ਕਰਨ ਵਿਚ ਨਾਕਾਮ ਰਹੀ | ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸਥਾਨਕ ਪੱਧਰ 'ਤੇ ਮਜ਼ਬੂਤ ਲੜਾਈ ਲੜਦਿਆਂ ਉਮੀਦ ਤੋਂ ਵਧੀਆ ਪ੍ਰਦਰਸ਼ਨ ਕੀਤਾ | ਚੋਣਾਂ ਦਾ ਸਭ ਤੋਂ ਚਰਚਿਤ ਪੱਖ ਇਹ ਰਿਹਾ ਕਿ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਅਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਦੋਵੇਂ ਆਪਣੇ-ਆਪਣੇ ਵਾਰਡਾਂ 'ਚ ਪਾਰਟੀ ਨੂੰ ਜਿੱਤ ਨਹੀਂ ਦਿਵਾ ਸਕੇ | ਦੋਵਾਂ ਦੇ ਵਾਰਡਾਂ ਵਿਚ ਕਾਂਗਰਸ ਨੇ ਜਿੱਤ ਦਰਜ ਕੀਤੀ | ਜੇਕਰ ਵਾਰਡ ਵਾਰ ਨਤੀਜਿਆਂ ਦੀ ਗੱਲ ਕੀਤੀ ਜਾਵੇ ਤਾਂ ਵਾਰਡ ਨੰਬਰ-1 ਤੋਂ ਗੁਰਪ੍ਰੀਤ ਕੌਰ ਤਤਲਾ (ਕਾਂਗਰਸ), ਵਾਰਡ ਨੰਬਰ-2 ਤੋਂ ਜਗਜੀਤ ਸਿੰਘ ਜੱਗੀ (ਆਪ), ਵਾਰਡ ਨੰਬਰ-3 ਤੋਂ ਰਾਜਿੰਦਰ ਕੌਰ ਠੁਕਰਾਲ (ਕਾਂਗਰਸ), ਵਾਰਡ ਨੰਬਰ-4 ਤੋਂ ਦਵਿੰਦਰਜੀਤ ਸਿੰਘ ਸਿੱਧੂ (ਆਜ਼ਾਦ), ਵਾਰਡ ਨੰਬਰ-5 ਤੋਂ ਰਵਿੰਦਰਪਾਲ ਕੌਰ ਮਾਲਵਾ (ਆਪ), ਵਾਰਡ ਨੰਬਰ-6 ਤੋਂ ਕੁਲਵੰਤ ਸਿੰਘ (ਆਪ), ਵਾਰਡ ਨੰਬਰ-7 ਤੋਂ ਮਨਜੀਤ ਕੌਰ (ਕਾਂਗਰਸ), ਵਾਰਡ ਨੰਬਰ-8 ਤੋਂ ਵਿੱਕੀ ਸਿੰਘ (ਕਾਂਗਰਸ), ਵਾਰਡ ਨੰਬਰ-9 ਤੋਂ ਪਰਮਿੰਦਰ ਕੌਰ (ਕਾਂਗਰਸ), ਵਾਰਡ ਨੰਬਰ-10 ਤੋਂ ਕੰਵਰਪਾਲ ਸਿੰਘ (ਆਪ), ਵਾਰਡ ਨੰਬਰ-11 ਤੋਂ ਗੁਰਪ੍ਰੀਤ ਸਿੰਘ ਨੋਨੀ (ਆਪ), ਵਾਰਡ ਨੰਬਰ-12 ਤੋਂ ਰਾਮਪ੍ਰਤਾਪ (ਆਪ), ਵਾਰਡ ਨੰਬਰ-13 ਤੋਂ ਸੁਨੈਨਾ ਮਲਹੋਤਰਾ (ਆਪ), ਵਾਰਡ ਨੰਬਰ-14 ਤੋਂ ਸੁਖਚੈਨ ਸਿੰਘ ਧਾਲੀਵਾਲ (ਕਾਂਗਰਸ), ਵਾਰਡ ਨੰਬਰ-15 ਤੋਂ ਰਜਨੀ ਚੋਪੜਾ (ਭਾਜਪਾ), ਵਾਰਡ ਨੰਬਰ-16 ਤੋਂ ਕਰਮਜੀਤ ਸਿੰਘ ਕੈਂਥ (ਆਪ), ਵਾਰਡ ਨੰਬਰ-17 ਤੋਂ ਨੈਨਸੀ ਵਰਮਾ (ਭਾਜਪਾ), ਵਾਰਡ ਨੰਬਰ-18 ਤੋਂ ਸਤੀਸ਼ ਕੁਮਾਰ ਪੱਪੂ (ਭਾਜਪਾ), ਵਾਰਡ ਨੰਬਰ-19 ਤੋਂ ਸੁਮਨ ਦੇਵੀ (ਭਾਜਪਾ), ਵਾਰਡ ਨੰਬਰ-20 ਤੋਂ ਜਤਿੰਦਰਪਾਲ ਰਾਣਾ (ਕਾਂਗਰਸ), ਵਾਰਡ ਨੰਬਰ-21 ਤੋਂ ਕਵਿਤਾ ਕੱਕੜ (ਕਾਂਗਰਸ), ਵਾਰਡ ਨੰਬਰ-22 ਤੋਂ ਵਰਿੰਦਰ ਸਿੰਘ ਕਲੇਰ (ਕਾਂਗਰਸ) ਅਤੇ ਵਾਰਡ ਨੰਬਰ 23 ਤੋਂ ਗੁਰਮੀਤ ਕੌਰ ਸਿੱਧੂ (ਆਪ) ਨੇ ਜਿੱਤ ਦਰਜ ਕੀਤੀ | ਹੁਣ ਸਾਰਿਆਂ ਦੀਆਂ ਨਜ਼ਰਾਂ ਨਗਰ ਕੌਂਸਲ ਦੀ ਪ੍ਰਧਾਨਗੀ 'ਤੇ ਟਿਕੀਆਂ ਹੋਈਆਂ ਹਨ | ਕਿਸ ਪਾਰਟੀ ਵਲੋਂ ਕਿਸ ਨਾਲ ਗੱਠਜੋੜ ਕੀਤਾ ਜਾਵੇਗਾ ਅਤੇ ਕੌਣ ਪ੍ਰਧਾਨਗੀ ਦੀ ਕੁਰਸੀ ਹਾਸਲ ਕਰੇਗਾ, ਇਹ ਆਉਣ ਵਾਲੇ ਦਿਨਾਂ ਵਿਚ ਜਗਰਾਉਂ ਦੀ ਸਿਆਸਤ ਦਾ ਸਭ ਤੋਂ ਵੱਡਾ ਚਰਚਾ ਵਿਸ਼ਾ ਬਣਿਆ ਰਹੇਗਾ |
ਜਗਰਾਉਂ 'ਚ ਪਰਿਵਾਰਵਾਦ ਰਿਹਾ ਭਾਰੂ
ਨਗਰ ਕੌਂਸਲ ਚੋਣਾਂ ਦੌਰਾਨ ਇਸ ਵਾਰ ਇਹ ਆਸ ਜਤਾਈ ਜਾ ਰਹੀ ਸੀ ਕਿ ਲੋਕ ਰਵਾਇਤੀ ਸਿਆਸਤ ਤੋਂ ਹਟ ਕੇ ਨਵੇਂ ਚਿਹਰਿਆਂ ਨੂੰ ਮੌਕਾ ਦੇਣਗੇ | ਚੋਣ ਪ੍ਰਚਾਰ ਦੌਰਾਨ ਵੀ ਕਈ ਉਮੀਦਵਾਰਾਂ ਨੂੰ 'ਨਵੀਂ ਸੋਚ ਅਤੇ ਨਵੀਂ ਪੀੜ੍ਹੀ' ਦੇ ਨਾਂਅ 'ਤੇ ਲੋਕਾਂ ਅੱਗੇ ਪੇਸ਼ ਕੀਤਾ ਗਿਆ, ਪਰ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਸਪੱਸ਼ਟ ਹੋ ਗਿਆ ਕਿ ਜਗਰਾਉਂ ਦੀ ਸਿਆਸਤ 'ਚ ਪਰਿਵਾਰਵਾਦ ਦਾ ਪ੍ਰਭਾਵ ਅਜੇ ਵੀ ਕਾਫੀ ਮਜ਼ਬੂਤ ਹੈ | ਜੇਤੂ ਉਮੀਦਵਾਰਾਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਬਹੁਤ ਸਾਰੇ ਨਾਂਅ ਅਜਿਹੇ ਹਨ ਜੋ ਸਾਲਾਂ ਤੋਂ ਨਗਰ ਕੌਂਸਲ ਦੀ ਸਿਆਸਤ ਨਾਲ ਜੁੜੇ ਪਰਿਵਾਰਾਂ ਨਾਲ ਸੰਬੰਧਿਤ ਹਨ | ਵਾਰਡ ਨੰਬਰ-1 ਤੋਂ ਗੁਰਪ੍ਰੀਤ ਕੌਰ ਤਤਲਾ ਨੇ ਤੀਜੀ ਵਾਰ, ਵਾਰਡ ਨੰਬਰ-2 ਜਗਜੀਤ ਸਿੰਘ ਜੱਗੀ ਨੇ ਲਗਾਤਾਰ ਦੂਜੀ ਵਾਰ, ਵਾਰਡ ਨੰਬਰ-3 ਰਵਿੰਦਰ ਕੌਰ ਠੁਕਰਾਲ ਨੇ ਸੱਤਵੀਂ ਵਾਰ, ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਅਤੇ ਆਜ਼ਾਦ ਤੌਰ 'ਤੇ ਮੈਦਾਨ 'ਚ ਉਤਰੇ ਦਵਿੰਦਰਜੀਤ ਸਿੰਘ ਸਿੱਧੂ ਨੇ ਪੰਜਵੀਂ ਵਾਰ, ਵਾਰਡ ਨੰਬਰ-5 ਤੋਂ ਰਵਿੰਦਰ ਕੌਰ ਮਾਲਵਾ ਦੇ ਪਰਿਵਾਰ ਦੇ ਹਿੱਸੇ ਦੂਜੀ ਵਾਰ, ਪਰਮਿੰਦਰ ਕੌਰ ਕਲਿਆਣ ਦੇ ਪਰਿਵਾਰ ਨੇ ਪੰਜਵੀਂ ਵਾਰ, ਨਗਰ ਕੌਂਸਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਕੰਵਰਪਾਲ ਸਿੰਘ ਨੇ ਵੀ ਪੰਜਵੀਂ ਵਾਰ, ਸੁਨੈਨਾ ਗੁਪਤਾ ਨੇ ਦੂਜੀ ਵਾਰ, ਨਗਰ ਕੌਂਸਲ ਦੇ ਸਾਬਕਾਪ੍ਰਧਾਨ ਸਤੀਸ਼ ਕੁਮਾਰ ਪੱਪੂ ਨੇ ਚੌਥੀ ਵਾਰ, ਕਰਮਜੀਤ ਕੈਂਥ ਨੇ ਵੀ ਦੂਜੀ ਵਾਰ, ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ ਨੇ ਚੌਥੀ ਵਾਰ, ਕਵਿਤਾ ਕੱਕੜ ਨੇ ਵੀ ਤੀਜੀ ਵਾਰ, ਵਰਿੰਦਰ ਸਿੰਘ ਕਲੇਰ ਨੇ ਦੂਜੀ ਵਾਰ ਜਿੱਤ ਹਾਸਲ ਕਰਕੇ ਆਪਣੀ ਮਜ਼ਬੂਤ ਪਕੜ ਦਾ ਅਹਿਸਾਸ ਕਰਵਾਇਆ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਬੀਰਮੀ ਨੇ ਡਾ. ਅਮਰ ਸਿੰਘ, ਕਾਮਿਲ ਬੋਪਾਰਏ ਨੂੰ ਜਿੱਤ ਦੀ ਦਿੱਤੀ ਵਧਾਈ ਅਗਲੀ ਖ਼ਬਰ ਰਾਏਕੋਟ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਦੀ ਧਮਾਕੇਦਾਰ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।