ਸਿੱਧਵਾਂ ਬੇਟ, 3 ਜੂਨ (ਜਸਵੰਤ ਸਿੰਘ ਸਲੇਮਪੁਰੀ)-ਬਹੁ-ਮੰਤਵੀਂ ਸਹਿਕਾਰੀ ਖੇਤੀਬਾੜੀ ਸਭਾ ਤਲਵਾੜਾ ਦੇ ਪ੍ਰਧਾਨ ਰਛਪਾਲ ਸਿੰਘ ਤਲਵਾੜਾ ਅਤੇ ਸਹਿਕਾਰੀ ਖੇਤੀਬਾੜੀ ਸਭਾ ਜੰਡੀ ਦੇ ਪ੍ਰਧਾਨ ਅਜਮੇਰ ਸਿੰਘ ਛੀਨਾਂ ਨੇ ਇੱਕ ਸਾਂਝੇ ਬਿਆਨ ਵਿਚ ਕੇਂਦਰ ਦੀ ਮੋਦੀ ਸਰਕਾਰ ਅਤੇ ਬਦਲਾਅ ਵਾਲੀ ਮਾਨ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀਂ ਜਾਂ ਹੋਰ ਖਾਦ ਵਿਕਰੇਤਾਵਾਂ ਤੋਂ ਖ਼ਰੀਦਣ ਕੀਤੀ ਜਾਣ ਵਾਲੀ ਡੀ.ਏ.ਪੀ. ਅਤੇ ਯੂਰੀਆ ਖਾਦ ਦੇ ਨਾਲ-ਨਾਲ ਨੈਨੋ ਯੂਰੀਆ ਅਤੇ ਕਈ ਹੋਰ ਬਾਇਓ ਖਾਦਾਂ ਲੈਣ ਲਈ ਮਜ਼ਬੂਰ ਨਾ ਕੀਤਾ ਜਾਵੇ | ਉਨ੍ਹਾਂ ਆਖਿਆ ਕਿ ਭਾਵੇਂ ਡੀ.ਏ.ਪੀ. ਖਾਦ ਅਤੇ ਯੂਰੀਆ ਖਾਦ 'ਤੇ ਕਿਸਾਨਾਂ ਨੂੰ ਕੇਂਦਰ ਸਰਕਾਰ ਸਬਸਿਡੀ ਤਾਂ ਦੇ ਰਹੀ ਹੈ ਪਰ ਖਾਦ ਤਿਆਰ ਕਰਨ ਵਾਲੀਆਂ ਇਫ਼ਕੋ ਵਰਗੀਆਂ ਵੱਡੀਆ ਕੰਪਨੀਆਂ ਆਪਣੇ ਡੀਲਰਾਂ ਨੂੰ ਇਨ੍ਹਾਂ ਖਾਦਾਂ ਦੇ ਨਾਲ ਨਾ ਚਾਹੁੰਣ 'ਤੇ ਵੀ ਨੈਨੋ ਖਾਦ ਅਤੇ ਬਾਇਓ ਖਾਦਾਂ ਖ਼ਰੀਦਣ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ | ਇਸ ਸੰਬੰਧੀ ਜਦੋਂ ਕਈ ਡੀਲਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਆਖਿਆ ਕਿ ਕਈ ਕੰਪਨੀਆਂ ਜਾਣਬੁੱਝ ਕੇ ਬਾਇਓ ਖਾਦਾਂ ਤਿਆਰ ਕਰਦੀਆਂ ਹਨ ਜਿਸ 'ਤੇ ਖ਼ਰਚਾ ਬਹੁਤ ਘੱਟ ਆਉਂਦਾ ਹੈ, ਪਰ ਇਹ ਕੰਪਨੀਆਂ ਅੱਗੇ ਬਾਇਓ ਖਾਦ ਨੂੰ ਮਹਿੰਗੇ ਭਾਅ ਰਾਹੀਂ ਬਾਜ਼ਾਰ ਵਿਚ ਉਤਾਰਦੀਆਂ ਹਨ | ਜਿਸ ਦਾ ਖ਼ਮਿਆਜ਼ਾ ਡੀਲਰਾਂ ਸਮੇਤ ਕਿਸਾਨ ਵੀਰਾਂ ਨੂੰ ਭੁਗਤਨਾ ਪੈਂਦਾ ਹੈ | ਇਸ ਲਈ ਸਾਡੀ ਵੀ ਮੰਗ ਹੈ ਕਿ ਸਾਡੀ ਡਿਮਾਂਡ ਅਨੁਸਾਰ ਹੀ ਸਾਨੂੰ ਨੈਨੋ ਯੂਰੀਆ ਜਾਂ ਬਾਇਓ ਖਾਦ ਦਿੱਤੀ ਜਾਵੇ |