ਨਵਾਂਸ਼ਹਿਰ, 29 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਬਲਕਾਰ ਕਟਾਰੀਆ ਨੇ ਦੱਸਿਆ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦਾ ਸੂਬਾ ਡੈਲੀਗੇਟ ਅਜਲਾਸ ਕਰਵਾਇਆ ਗਿਆ | ਅਜਲਾਸ 'ਚ ਪੰਜਾਬ ਭਰ ਤੋਂ ਲਗਪਗ 18 ਜ਼ਿਲਿਆਂ ਤੋਂ ਡੈਲੀਗੇਟ ਸ਼ਾਮਲ ਹੋਏ | ਇਜਲਾਸ ਦੀ ਸ਼ੁਰੂਆਤ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਵਲੋਂ ਐਸੋਸੀਏਸ਼ਨ ਦਾ ਝੰਡਾ ਲਹਿਰਾਉਣ ਨਾਲ ਕੀਤੀ | ਇਜਲਾਸ ਦੌਰਾਨ ਐਸੋਸੀਏਸ਼ਨ ਦੇ ਵਿਛੜੇ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ | ਜਨਰਲ ਸਕੱਤਰ ਦੀ ਕਾਰਵਾਈ ਰਿਪੋਰਟ ਅਤੇ ਕੈਸ਼ੀਅਰ ਦੀ ਲੇਖਾ-ਜੋਖਾ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਪੁਰਾਣੀ ਕਮੇਟੀ ਭੰਗ ਕਰ ਕੇ ਨਵੀਂ ਕਮੇਟੀ ਚੁਣੀ ਗਈ, ਜਿਸ 'ਚ ਜਸਵਿੰਦਰ ਸਿੰਘ ਕਾਲਖ਼ ਨੂੰ ਫਿਰ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਪ੍ਰੇਮ ਸਲੋਹ ਨੂੰ ਵੀ ਫਿਰ ਦੂਸਰੀ ਵਾਰ ਸੂਬਾ ਚੇਅਰਮੈਨ ਲਗਾਇਆ ਗਿਆ, ਜੋ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਇੱਕ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਬਲਵੀਰ ਗਰਚਾ ਨੂੰ ਸੂਬਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਂਬਰ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਦਾ ਧੰਨਵਾਦ ਕਰਦੇ ਹੋਏ ਅਤੇ ਵਾਅਦਾ ਕਰਦੇ ਹੋਏ ਕਿਹਾ ਕਿ ਸੂਬਾ ਪ੍ਰਧਾਨ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਵੱਲੋਂ ਜੋ ਵੀ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਪ੍ਰਤੀ ਪ੍ਰੋਗਰਾਮ ਉਲੀਕਿਆ ਜਾਵੇਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੈਂਬਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ | ਇਜਲਾਸ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਡੈਲੀਗੇਟ ਵਜੋਂ ਸੂਬਾ ਚੇਅਰਮੈਨ ਡਾ. ਪ੍ਰੇਮ ਸਲੋਹ, ਸੂਬਾ ਮੀਤ ਪ੍ਰਧਾਨ ਬਲਵੀਰ ਗਰਚਾ, ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ, ਜ਼ਿਲ੍ਹਾ ਜਨਰਲ ਸਕੱਤਰ ਰਜਿੰਦਰ ਸਿੰਘ ਲੱਕੀ, ਜ਼ਿਲ੍ਹਾ ਕੈਸ਼ੀਅਰ ਕਸ਼ਮੀਰ ਸਿੰਘ ਬਛੌੜੀ, ਜ਼ਿਲ੍ਹਾ ਵਾਇਸ ਚੇਅਰਮੈਨ ਅਨੂੰਪਿੰਦਰ ਸਿੰਘ ਸੂੰਢ ਅਤੇ ਸੜੋਆ ਬਲਾਕ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਸ਼ਾਮਲ ਹੋਏ ਸਨ |