ਜਾਡਲਾ, 10 ਮਈ (ਹਰਕੰਵਲ ਸਿੰਘ ਕੌਲਗੜ੍ਹ)-ਜਾਡਲਾ ਦਾਣਾ ਮੰਡੀ 'ਚ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ ਵਿਚ ਬੋਰੀਆਂ ਦੇ ਅੰਬਾਰ ਲੱਗ ਗਏ ਹਨ | ਮਜ਼ਦੂਰਾਂ ਨੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਆਪਣਾ ਦਰਦ ਬਿਆਨ ਕਰਦੇ ਹੋਏ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 10-15 ਦਿਨਾਂ ਤੋਂ ਮੰਡੀ 'ਚੋਂ ਕਣਕ ਦੀ ਲਿਫ਼ਟਿੰਗ ਬਿਲਕੁਲ ਬੰਦ ਹੈ, ਜਦਕਿ ਮੰਡੀ 'ਚ ਕਣਕ ਦੀ ਆਮਦ ਲਗਪਗ ਪੂਰੀ ਹੋ ਚੁੱਕੀ ਹੈ | ਹੁਣ ਤਾਂ ਕਿਧਰੇ-ਕਿਧਰੇ ਕੋਈ ਟਾਂਵੀਂ-ਟਾਂਵੀਂ ਢੇਰੀ ਹੀ ਮੰਡੀ 'ਚ ਆ ਰਹੀ ਹੈ | ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਖ਼ਰੀਦ ਹੁੰਦਿਆਂ ਹੀ ਨਾਲੋ-ਨਾਲ ਲਿਫ਼ਟਿੰਗ ਕਰਕੇ ਕਣਕ ਗੁਦਾਮਾਂ ਤੱਕ ਪਹੁੰਚਾ ਦਿੱਤੀ ਜਾਵੇ ਤਾਂ ਮਜ਼ਦੂਰ ਨੂੰ ਵੀ ਫ਼ਾਇਦਾ ਹੁੰਦਾ ਹੈ | ਚਾਰ ਪੈਸੇ ਬਚਣ ਦੀ ਆਸ ਹੋ ਜਾਂਦੀ ਹੈ ਪਰ ਲਿਫ਼ਟਿੰਗ ਬੰਦ ਹੋਣ ਕਾਰਨ ਮਜ਼ਦੂਰ ਪਿਛਲੇ ਦੋ ਹਫ਼ਤਿਆਂ ਤੋਂ ਵਿਹਲੇ ਬੈਠੇ ਹਨ | ਜਦੋਂ ਤੱਕ ਲਿਫ਼ਟਿੰਗ ਨਹੀਂ ਹੁੰਦੀ, ਸਾਨੂੰ ਮਜ਼ਦੂਰੀ ਦੇ ਪੈਸੇ ਨਹੀਂ ਮਿਲਦੇ | ਜੋ ਪਹਿਲਾਂ ਕਮਾਇਆ ਸੀ, ਉਹ ਰੋਟੀ-ਖਰਚੇ 'ਚ ਲੱਗ ਗਿਆ | ਮਜ਼ਦੂਰਾਂ ਨੇ ਦੱਸਿਆ ਕਿ ਮੰਡੀ 'ਚ ਹਜ਼ਾਰਾਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ | ਜੇਕਰ ਮੀਂਹ ਪੈ ਗਿਆ ਤਾਂ ਕਣਕ ਖ਼ਰਾਬ ਹੋ ਜਾਵੇਗੀ | ਆੜ੍ਹਤੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਮੱਸਿਆ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਸਾਹਮਣੇ ਆ ਰਹੀ ਹੈ | ਉਨ੍ਹਾਂ ਕਿਹਾ ਕਿ ਤਿੰਨ ਖ਼ਰੀਦ ਏਜੰਸੀਆਂ ਨੇ ਖ਼ਰੀਦ ਤਾਂ ਕਰ ਲਈ, ਪਰ ਟਰਾਂਸਪੋਰਟ ਦਾ ਠੇਕੇਦਾਰ ਟਰੱਕ ਨਹੀਂ ਭੇਜ ਰਿਹਾ | ਡੀ. ਐਫ. ਐਸ. ਸੀ. ਦਫ਼ਤਰ ਵਾਲੇ ਫ਼ੋਨ ਨਹੀਂ ਚੁੱਕਦੇ, ਅਸੀਂ ਕਿਸ ਨੂੰ ਕਹੀਏ | ਆੜ੍ਹਤੀਆਂ ਤੇ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾਡਲਾ ਮੰਡੀ 'ਚ ਤੁਰੰਤ ਲਿਫ਼ਟਿੰਗ ਸ਼ੁਰੂ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵਲੋਂ ਮੀਂਹ ਦੀ ਭਵਿੱਖਬਾਣੀ ਨੇ ਸਭ ਦੀ ਚਿੰਤਾ ਹੋਰ ਵਧਾ ਦਿੱਤੀ ਹੈ |