ਬੰਗਾ, 19 ਮਈ (ਧਰਮਵੀਰ ਪਾਲ) - ਭਗਵਾਨ ਮਹਾਂਵੀਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿੱਚ ਵਿਦਿਆਰਥੀ ਕੌਂਸਲ ਦੀ ਚੋਣ ਪ੍ਰਕਿਰਿਆ ਸੰਪੂਰਨ ਹੋਣ ਤੋਂ ਬਾਅਦ ਸਹੰ ਚੁੱਕ ਸਮਾਗਮ ਕੀਤਾ ਗਿਆ | ਸਭ ਤੋਂ ਪਹਿਲਾਂ ਸਕੂਲ ਡਾਇਰੈਕਟਰ ਡਾ. ਵਰੁਣ ਜੈਨ ਨੇ ਸਾਰੇ ਪ੍ਰਤਿਨਿਧੀਆਂ ਨੂੰ ਸ਼ਪਥ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ | ਇਸ ਤੋਂ ਬਾਅਦ ਸਕੂਲ ਮੈਨੇਜਰ ਕੇਸ਼ਵ ਜੈਨ ਵੱਲੋਂ ਸਕੂਲ ਦੇ ਹੈੱਡ ਬੁਆਏ, ਹੈੱਡ ਗਰਲ, ਵਾਈਸ ਹੈੱਡ ਬੁਆਏ ਅਤੇ ਵਾਈਸ ਹੈੱਡ ਗਰਲ ਨੂੰ ਸੌਂਹ ਚੁਕਾਈ ਗਈ ਅਤੇ ਸਕੂਲ ਕਲਰ ਪ੍ਰਦਾਨ ਕੀਤੇ ਗਏ | ਇਸ ਤੋਂ ਉਪਰੰਤ ਸਕੂਲ ਦੇ ਚਾਰਾਂ ਸਦਨਾਂ ਦੇ ਨਵ-ਚੁਣੇ ਕਪਤਾਨਾਂ ਅਤੇ ਅੱਠ ਕਲੱਬਾਂ ਦੇ ਚੁਣੇ ਹੋਏ ਪ੍ਰਧਾਨ ਵਿਦਿਆਰਥੀਆਂ ਨੂੰ ਮੰਚ 'ਤੇ ਸੱਦਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸਕੂਲ ਪਿ੍ੰਸੀਪਲ ਸ਼੍ਰੀਮਤੀ ਕੇ. ਵਸੁਧਾ ਜੈਨ ਵੱਲੋਂ ਸ਼ਪਥ ਦਿਵਾਈ ਗਈ | ਬਾਅਦ ਵਿੱਚ ਸਾਰੇ ਨਵ-ਚੁਣੇ ਵਿਦਿਆਰਥੀ ਪ੍ਰਤਿਨਿਧੀਆਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ | ਸਾਰੇ ਪਦਾਧਿਕਾਰੀਆਂ ਨੇ ਸਕੂਲ ਪ੍ਰਤੀ ਨਿਸ਼ਠਾ, ਅਨੁਸ਼ਾਸਨ ਅਤੇ ਜ਼ਿੰਮੇਵਾਰੀ ਨਾਲ ਆਪਣੇ ਫਰਜ਼ ਨਿਭਾਉਣ, ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਸਕੂਲ ਨੂੰ ਨਵੀਆਂ ਉੱਚਾਈਆਂ ਤੱਕ ਲੈ ਜਾਣ ਦੀ ਸੌਂਹ ਲਈ | ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਨੇ ਸਾਰੇ ਨਵ-ਚੁਣੇ ਪ੍ਰਤਿਨਿਧੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਆਸ ਪ੍ਰਗਟਾਈ ਕਿ ਉਹ ਸਕੂਲ ਦੀ ਸ਼ਾਨ ਨੂੰ ਕਾਇਮ ਰੱਖਦਿਆਂ ਵਿਦਿਆਰਥੀਆਂ ਲਈ ਆਦਰਸ਼ ਅਗਵਾਈ ਪੇਸ਼ ਕਰਨਗੇ |