ਟੱਪਰੀਆਂ ਖ਼ੁਰਦ, 4 ਜੂਨ (ਬੂਥਗੜ੍ਹੀਆ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਅੰਦਰ ਸਿੱਖਿਆ ਦੇ ਖੇਤਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੀਤੇ ਜਾ ਰਹੇ ਕਾਰਜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਹਲਕਾ ਬਲਾਚੌਰ ਦੇ ਸੀਨੀਅਰ 'ਆਪ' ਆਗੂ ਡਾਇਰੈਕਟਰ ਯੁਵਕ ਸੇਵਾਵਾਂ ਬੋਰਡ ਦੇ ਚੇਅਰਮੈਨ ਤੇ ਯੂਥ ਵਿੰਗ ਪੰਜਾਬ ਦੇ ਜਨਰਲ ਸਕੱਤਰ ਸੰਜੀਵ ਚੇਚੀ ਵਲੋਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨਾਲ ਕੰਢੀ ਇਲਾਕੇ ਦੇ ਸਕੂਲਾਂ ਦੇ ਮੁੱਦਿਆਂ ਸੰਬੰਧੀ ਗੱਲਬਾਤ ਦੇ ਦੌਰਾਨ ਕਹੇ | ਚੇਚੀ ਨੇ ਦੱਸਿਆ ਕਿ ਸਿੱਖਿਆ ਮੰਤਰੀ ਦੇ ਨਾਲ ਹਲਕਾ ਬਲਾਚੌਰ ਦੇ ਸਕੂਲਾਂ ਦੇ ਵਿੱਚ ਸਾਇੰਸ ਤੇ ਕਮਰਸ ਦੇ ਵਿਸ਼ਿਆਂ ਨੂੰ ਚਾਲੂ ਕਰਾਉਣ ਸੰਬੰਧੀ ਤੇ ਸਕੂਲਾਂ 'ਚ ਪਿਛਲੇ ਸਮੇਂ ਤੋਂ ਖਾਲੀ ਪਈਆਂ ਮੁੱਖ ਅਧਿਆਪਕਾਂ ਦੀਆਂ ਅਸਾਮੀਆਂ ਦੀਆਂ ਕਮੀਆਂ ਨੂੰ ਪੂਰਾ ਕਰਾਉਣ ਸੰਬੰਧੀ ਮੰਗ-ਪੱਤਰ ਸੌਂਪਿਆ ਤੇ ਉਨ੍ਹਾਂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ | ਉਨ੍ਹਾਂ ਨੇ ਦੱਸਿਆ ਕਿ ਸਿੱਖਿਆ ਮੰਤਰੀ ਬੈਂਸ ਨੇ ਵਿਸ਼ਵਾਸ ਦਿਵਾਇਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਕੂਲਾਂ 'ਚ ਆ ਰਹੀਆਂ ਕਮੀਆਂ ਨੂੰ ਜਲਦ ਪੂਰਾ ਕਰਵਾਇਆ ਜਾਵੇਗਾ | ਪੰਜਾਬ ਸਰਕਾਰ ਸਿੱਖਿਆ ਤੇ ਸਿਹਤ ਦੇ ਖੇਤਰ 'ਚ ਸੂਬੇ ਦੇ ਲੋਕਾਂ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ |