ਨਵਾਂਸ਼ਹਿਰ, 13 ਜੂਨ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਵਲੋਂ ਬਾਲ ਮਜ਼ਦੂਰੀ ਵਿਰੋਧੀ ਵਿਸ਼ਵ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ. ਏ. ਐਸ. ਨਗਰ ਦੀਆਂ ਹਦਾਇਤਾਂ ਤਹਿਤ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ, ਸ਼ਹੀਦ ਭਗਤ ਸਿੰਘ ਨਗਰ ਜਤਿੰਦਰ ਪਾਲ ਸਿੰਘ ਖੁਰਮੀ ਤੇ ਸਿਵਲ ਜੱਜ (ਸੀਨੀਅਰ ਡੀਵੀਜ਼ਨ)/ ਸੀ.ਜੇ.ਐਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਸ.ਭ.ਸ ਨਗਰ ਡਾ. ਅਮਨਦੀਪ ਦੇ ਨਿਰਦੇਸ਼ਾਂ ਤਹਿਤ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਉਸਮਾਨਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬਾਲ ਮਜ਼ਦੂਰੀ ਵਿਰੋਧੀ ਵਿਸ਼ਵ ਦਿਵਸ ਮੌਕੇ ਕਾਨੂੰਨੀ ਜਾਗਰੂਕਤਾ ਸੈਮੀਨਾਰ ਕਰਵਾਇਆ। ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਨਲ ਵਕੀਲ ਜਸ਼ਨਦੀਪ ਤੇ ਪੈਰਾ ਲੀਗਲ ਵਲੰਟੀਅਰਜ਼ ਵਾਸਦੇਵ ਪਰਦੇਸੀ, ਕਸ਼ਮੀਰ ਵਲੋਂ ‘ਆ� ਆਪਣੇ ਵਾਅਦਿਆਂ ‘ਤੇ ਅਮਲ ਕਰੀਏ ਬਾਲ ਮਜ਼ਦੂਰੀ ਖਤਮ ਕਰੀਏ’ ਤਹਿਤ ਪਿੰਡ ਵਾਸੀਆਂ ਨੂੰ ਸੰਵਿਧਾਨਕ ਤੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ। ਦੱਸਿਆ ਕਿ ‘ਬਾਲ ਮਜ਼ਦੂਰੀ (ਰੋਕਥਾਮ ਤੇ ਨਿਯਮਨ) ਸੋਧ ਐਕਟ 2016’ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਕਿਸੇ ਵੀ ਕਿੱਤੇ ਵਿੱਚ ਕੰਮ ਕਰਵਾਉਣਾ ਕਾਨੂੰਨੀ ਅਪਰਾਧ ਹੈ। ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਬੱਚਾ ਮਜ਼ਦੂਰੀ ਕਰਦਾ ਦਿਖੇ ਤਾਂ ਤੁਰੰਤ ਚਾਈਲਡ ਹੈਲਪਲਾਈਨ 1098 ‘ਤੇ ਸੂਚਿਤ ਕਰਨ।