19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜਾਡਲਾ-ਰਾਹੋਂ ਮਾਰਗ ਲੰਘਦੇ ਓਵਰਲੋਡ ਅਤੇ ਤੇਜ਼ ਰਫਤਾਰ ਟਿੱਪਰਾਂ ਨੂੰ ਲੈ ਕੇ ਲੋਕ ਸੰਘਰਸ਼ ਦੇ ਰੌਂਅ ‘ਚ

ਅਜੀਤ ਡੈਸਕ 18-06-2026

ਉਸਮਾਨਪੁਰ, 17 ਜੂਨ (ਸੰਦੀਪ ਮਝੂਰ)-ਬੀਤੇ ਦਿਨੀਂ ਰਾਹੋਂ-ਜਾਡਲਾ ਮਾਰਗ ‘ਤੇ ਪਿੰਡ ਰਾਮਗੜ੍ਹ ਲਾਗੇ ਟਿੱਪਰ ਦੇ ਹੇਠਾਂ ਆ ਕੇ ਮਾਰੇ ਗਏ ਪਿੰਡ ਉਸਮਾਨਪੁਰ ਦੇ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੁੱਖਾ ਦੀ ਦਰਦਨਾਕ ਮੌਤ ਨੇ ਪਿੰਡ ਉਸਮਾਨਪੁਰ ਅਤੇ ਆਸ-ਪਾਸ ਦੇ ਇਲਾਕਾ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਇਸ ਸਬੰਧੀ ਹੁਣ ਲੋਕ ਸੰਘਰਸ਼ ਦੇ ਰੌਂਅ ਵਿਚ ਹਨ। ਪਿੰਡ ਉਸਮਾਨਪੁਰ ਅਤੇ ਇਲਾਕੇ ਦੇ ਕੁੱਝ ਪਤਵੰਤਿਆਂ ਅਜਾਇਬ ਸਿੰਘ ਸਾਬਕਾ ਸਰਪੰਚ, ਕਮਲੇਸ਼ ਰਾਣੀ ਸਰਪੰਚ, ਮਨਜੀਤ ਕੁਮਾਰ, ਬਲਵਿੰਦਰ ਸਿੰਘ ਪੰਚ, ਸਰਵਣ ਸਿੰਘ ਭੋਲਾ, ਚਰਨਜੀਤ ਸਿੰਘ, ਹਰਪਾਲ ਸਿੰਘ ਪਾਲਾ, ਇਲਾਕਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਹਾਬਪੁਰ, ਗਿਆਨੀ ਜੋਗਿੰਦਰ ਸਿੰਘ, ਰਘੁਵੀਰ ਸਿੰਘ ਆਦਿ ਨੇ ਦੱਸਿਆ ਕਿ ਉਕਤ ਮਾਰਗ ਤੋਂ ਰੋਜ਼ਾਨਾ ਸੈਕੜਿਆਂ ਦੀ ਗਿਣਤੀ ਵਿਚ ਉਵਰਲੋਡ ਅਤੇ ਤੇਜ਼ ਰਫਤਾਰ ਟਿੱਪਰ ਲੰਘਦੇ ਹਨ। ਪਿੰਡ ਉਸਮਾਨਪੁਰ ਦੇ ਗਿਆਨੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਵਲੋਂ ਸਵੇਰੇ 6 ਵਜੇ ਤੋਂ ਸ਼ਾਮ 5:30 ਤੱਕ ਇੱਥੋਂ ਲੰਘਦੇ ਟਿੱਪਰਾਂ ਦੀ ਗਿਣਤੀ ਕੀਤੀ ਗਈ। ਕੁੱਲ 587 ਟਿੱਪਰ ਜਾਡਲਾ ਤੋਂ ਰਾਹੋਂ ਅਤੇ ਰਾਹੋਂ ਤੋਂ ਜਾਡਲਾ ਲੰਘੇ ਹਨ। ਉਕਤ ਲੋਕਾਂ ਨੇ ਕਿਹਾ ਕਿ ਕਈ ਵਾਰ ਉਵਰਲੋਡ ਟਿੱਪਰਾਂ ‘ਤੇ ਤਿਰਪਾਲ ਵਗੈਰਾ ਨਾ ਪਾਈ ਹੋਣ ਕਾਰਨ ਰੇਤਾ ਅਤੇ ਬਜ਼ਰੀ ਸੜਕ ‘ਤੇ ਡਿੱਗਦੇ ਹਨ, ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ। ਉਨ੍ਹਾਂ ਦੱਸਿਆ ਕਿ ਟਿੱਪਰ ਚਾਲਕ ਸਮਰੱਥਾ ਤੋਂ ਵੱਧ ਭਾਰ ਲੈ ਕੇ ਸੜਕਾਂ ‘ਤੇ ਤੁਰਦੇ ਹਨ। ਇਸ ਤੋਂ ਇਲਾਵਾ ਕੁੱਝ ਟਿੱਪਰ ਚਾਲਕਾਂ ਵਲੋਂ ਨਿਯਮਾਂ ਨੂੰ ਛਿੱਕੇ ਟੰਗ ਕੇ ਟਿੱਪਰਾਂ ਦੀ ਬਾਡੀ 3 ਫੁੱਟ ਤੱਕ ਵਧਾਈ ਗਈ ਹੈ। ਉਨ੍ਹਾਂ ਕਿਹਾ ਕਿ ਰਾਹੋਂ-ਜਾਡਲਾ ਟੀ-ਪੁਆਇੰਟ ‘ਤੇ ਵੀ ਸਿਰਫ ਇੱਕ ਹੀ ਟਰੈਫਿਕ ਮੁਲਾਜ਼ਮ ਦੀ ਡਿਊਟੀ ਹੁੰਦੀ ਹੈ। ਇਥੇ ਘੱਟੋ-ਘੱਟ ਦੋ ਮੁਲਾਜ਼ਮ ਤਾਇਨਾਤ ਕਰਨੇ ਚਾਹੀਦੇ ਹਨ ਤਾਂ ਜੋ ਇੱਕ ਦੀ ਗੈਰ ਹਾਜ਼ਰੀ ਵਿਚ ਦੂਸਰਾ ਕਰਮਚਾਰੀ ਉਥੇ ਉਪਲਬਧ ਹੋਵੇ ਅਤੇ ਪਿੰਡ ਬੀਰੋਵਾਲ ਦੇ ਮੋੜ ਕੋਲ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿੰਡ ਉਸਮਾਨਪੁਰ ਦਾ ਇੱਕ ਨੌਜਵਾਨ ਲੜਕਾ ਅਤੇ ਲੜਕੀ ਪਹਿਲਾਂ ਟਿੱਪਰ ਹਾਦਸੇ ਦੀ ਭੇਟ ਚੜ੍ਹ ਕੇ ਆਪਣੀ ਜਿੰਦਗੀ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਪਿੰਡ ਉਸਮਾਨਪੁਰ, ਇਲਾਕਾ ਕਮੇਟੀ ਅਤੇ ਆਸ-ਪਾਸ ਦੇ ਲੋਕਾਂ ਵਲੋਂ ਹੁਣ ਇਸ ਸਬੰਧੀ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਧਿਆਨ ਵਿਚ ਲਿਆਂਦਾ ਜਾਵੇਗਾ ਕਿ ਉਕਤ ਮਾਰਗ ‘ਤੇ ਚੱਲਣ ਵਾਲੇ ਟਿੱਪਰਾਂ ਦੀ ਉਵਰਲੋਡਿੰਗ, ਸਪੀਡ, ਟਿੱਪਰ ਚਾਲਕਾਂ ਦੇ ਡਰਾਇਵਿੰਗ ਲਾਇਸੈਂਸ ਆਦਿ ਦੀ ਸਮੇਂ-ਸਮੇਂ ‘ਤੇ ਜਾਂਚ ਹੋਣੀ ਚਾਹੀਦੀ ਹੈ।

ਪਿਛਲੀ ਖ਼ਬਰ ਚੋਣਾਂ ਦੇ ਮੱਦੇਨਜ਼ਰ ਬ੍ਰਿਗੇਡੀਅਰ ਰਾਜ ਕੁਮਾਰ ਵਲੋਂ ਹਲਕਾ ਬਲਾਚੌਰ ਦੇ ਪਿੰਡਾਂ ਵਿਚ ਨੁੱਕੜ ਮੀਟਿੰਗਾਂ ਅਗਲੀ ਖ਼ਬਰ ਮੱਲ੍ਹਾ ਸੋਢੀਆਂ ’ਚ ਬਾਬਾ ਝੰਡਾ ਜੀ ਦੀ ਯਾਦ ਵਿਚ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।