ਨਵਾਂਸ਼ਹਿਰ, 17 ਜੂਨ (ਜਸਬੀਰ ਸਿੰਘ ਨੂਰਪੁਰ)-ਸਮਾਜ ਸਮਰਸਤਾ ਸੰਮਤੀ ਨਵਾਂਸ਼ਹਿਰ ਦੀ ਸਰਪ੍ਰਸਤੀ ਹੇਠ ਸ਼ਹਿਰ ਦੀਆਂ ਪ੍ਰਮੁੱਖ ਸਮਾਜਿਕ ਅਤੇ ਧਾਰਮਿਕ ਸੰਮਤੀਆਂ ਦੇ ਪ੍ਰਮੁੱਖ ਪ੍ਰਤੀਨਿਧੀਆਂ ਦੀ ਬੈਠਕ ਅਦਵੈਤ ਸਵਰੂਪ ਅਨੰਤ ਆਸ਼ਰਮ ਬਾਈ ਜੀ ਦੀ ਕੁਟੀਆ ਪੰਡੋਰਾ ਮੁਹੱਲਾ ਨਵਾਂਸ਼ਹਿਰ ਵਿੱਚ ਸੰਪੰਨ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਦੇਵਿੰਦਰ ਸ਼ਰਮਾ ਜ਼ਿਲ੍ਹਾ ਸੰਯੋਜਕ ਸਮਾਜਿਕ ਸਦਭਾਵਨਾ ਸੰਮਤੀ, ਪਰਮਜੀਤ ਰੱਤੇਵਾਲੀਆ ਜ਼ਿਲ੍ਹਾ ਸਹਾਇਕ ਸੰਯੋਜਕ ਅਤੇ ਅਮਿਤ ਸ਼ਰਮਾਂ ਸਮਾਜਿਕ ਸਦਭਾਵਨਾ ਸੰਮਤੀ ਦੇ ਸੰਚਾਲਕ ਨਵਾਂਸ਼ਹਿਰ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿੱਚ 67 ਪ੍ਰਤੀਨਿਧੀ ਬੰਗਾ, ਬਲਾਚੌਰ ਆਦਿ ਤੋਂ ਇਲਾਵਾਂ ਗੁੱਜਰ ਗੌਰਵ ਸੁਸਾਇਟੀ, ਆਵਾਜ਼ ਵੈਲਫੇਅਰ ਸੋਸਾਇਟੀ, ਗੁਰੂ ਰਵਿਦਾਸ ਸੈਨਾ, ਭਾਰਤੀ ਵਾਲਮੀਕਿ ਧਰਮ ਸਮਾਜ, ਬ੍ਰਾਹਮਣ ਸਭਾ, ਰਾਮਗੜ੍ਹੀਆ ਸਭਾ, ਸੈਣ ਭਗਤ ਸਭਾ, ਜੈਨ ਸਮਾਜ, ਅਰੋੜਾ ਸਭਾ, ਵਿਸ਼ਵਾਸ ਸੇਵਾ ਸੁਸਾਇਟੀ, ਆਸ ਵੈਲਫੇਅਰ ਸੋਸਾਇਟੀ, ਅੰਬੇਡਕਰ ਭਵਨ ਟਰੱਸਟ, ਭਾਰਤ ਵਿਕਾਸ ਪਰਿਸ਼ਦ, ਆਰੀਆ ਸਮਾਜ ਅਤੇ ਆਲ ਇੰਡੀਆ ਹਿਉਮਨ ਰਾਇਟਸ ਕੌਸਲ ਭਾਰਤ ਦੇ ਆਹੁੱਦੇਦਾਰਾਂ ਨੇ ਸਮੁਲੀਅਤ ਕੀਤੀ। ਸਰਵ ਸਮਾਜ ਸਮਰਸਤਾ ਸੰਮਤੀ ਪੰਜਾਬ ਦੀ ਸਰਪ੍ਰਸਤੀ ਹੇਠ ਇਸ ਸਮਾਜਿਕ ਸਦਭਾਵਨਾ ਬੈਠਕ ਦੀ ਸ਼ੁਰੂਆਤ ਵਿੱਚ ਅਮਿਤ ਸ਼ਰਮਾ ਨੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ। ਦੇਸ਼ ਭਗਤੀ ਦੇ ਗੀਤ ਤੋਂ ਬਾਅਦ ਆਏ ਹੋਏ ਮੁੱਖ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ ਗਈ। ਇਸ ਤੋਂ ਉਪਰੰਤ ਪਰਮਜੀਤ ਰੱਤੇਵਾਲੀਆ ਨੇ ਵਿਸ਼ੇ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਪੰਜਾਬ ਵਿੱਚ ਵੱਧ ਰਹੇ ਮਤ-ਪਰਿਵਰਤਨ ਅਤੇ ਨਸ਼ਿਆਂ ਦੀ ਗੰਭੀਰ ਸਮੱਸਿਆ ‘ਤੇ ਚਰਚਾ ਕੀਤੀ ਗਈ। ਬੈਠਕ ਚਰਚਾ ਦੌਰਾਨ, ਜੁਗਲ ਕਿਸ਼ੋਰ ਦੱਤਾ, ਪੰਡਿਤ ਮਨੀਸ਼ ਵਾਸੂਦੇਵ, ਪ੍ਰਿੰਸੀਪਲ ਰਾਜਿੰਦਰ ਸਿੰਘ ਗਿੱਲ, ਰਾਮਧਨ, ਪਰਵਿੰਦਰ ਬੱਤਰਾ, ਮਨੋਜ ਕੰਡਾ, ਮਾਸਟਰ ਦਵਿੰਦਰ ਕੁਮਾਰ, ਦਿਲਬਰ ਸਿੰਘ, ਚੇਤ ਰਾਮ ਰਤਨ ਅਤੇ ਪ੍ਰਦੀਪ ਚਾਂਦਲਾ, ਐਡਵੋਕੇਟ ਵਿਸਾਲ ਸਰਮਾਂ, ਬਹਾਦਰ ਚੰਦ ਅਰੌੜਾ, ਗੁਰਜੀਤ ਸਿੰਘ ਅਤੇ ਵਿੱਕੀ ਗਿੱਲ ਆਦਿ ਨੇ ਸਮਾਜਿਕ ਸਦਭਾਵਨਾ, ਨਸ਼ਾ ਦੀ ਕੁਰੀਤੀ ਪ੍ਰਤੀ ਜਾਗਰੂਕਤਾ, ਯੁਵਾ ਮਾਰਗਦਰਸ਼ਨ ਅਤੇ ਸਮਾਜ ਵਿੱਚ ਵਧ ਰਹੀਆਂ ਚੁਣੌਤੀਆਂ ਦੇ ਹੱਲ ਬਾਰੇ ਆਪਣੇ ਵਿਚਾਰ ਅਤੇ ਸੁਝਾਅ ਸਾਂਝੇ ਕੀਤੇ। ਦੇਵਿੰਦਰ ਸ਼ਰਮਾ ਨੇ ਬੁਲਾਰਿਆਂ ਦੁਆਰਾ ਪੇਸ਼ ਕੀਤੇ ਗਏ ਵਿਚਾਰਾਂ, ਸੁਝਾਵਾਂ ਅਤੇ ਚਿੰਤਾਵਾਂ ਦਾ ਸਾਰ ਦਿੰਦੇ ਹੋਏ ਵਿਸ਼ੇ ‘ਤੇ ਮਾਰਗਦਰਸ਼ਨ ਪ੍ਰਦਾਨ ਕੀਤਾ। ਸਮਾਜਿਕ ਸਦਭਾਵਨਾ, ਨਸ਼ਾ ਦੀ ਕੁਰੀਤੀ ਪ੍ਰਤੀ ਜਾਗਰੂਕਤਾ ਅਤੇ ਮਤ-ਪਰਿਵਰਤਨ ਵਰਗੇ ਮੁੱਦਿਆਂ ‘ਤੇ ਸਮਾਜ ਦੀ ਭੂਮਿਕਾ ਨੂੰ ਸਪੱਸ਼ਟ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ਦਾ ਹੱਲ ਸਮੂਹਿਕ ਜਾਗਰੂਕਤਾ, ਨਿਰੰਤਰ ਸੰਵਾਦ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੁਆਰਾ ਤਾਲਮੇਲ ਵਾਲੇ ਯਤਨਾਂ ਦੁਆਰਾ ਹੀ ਸੰਭਵ ਹੈ। ਉਨ੍ਹਾਂ ਨੇ ਹਾਜ਼ਰ ਪ੍ਰਤੀਨਿਧੀਆਂ ਦੁਆਰਾ ਉਠਾਏ ਗਏ ਸਵਾਲਾਂ ਅਤੇ ਸੁਝਾਵਾਂ ‘ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸਮਾਜਿਕ ਸੰਗਠਨਾਂ ਨੂੰ ਸਮਾਜ ਭਲਾਈ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਅਤੇ ਜਨਤਕ ਜਾਗਰੂਕਤਾ ਰਾਹੀਂ ਸਕਾਰਾਤਮਕ ਤਬਦੀਲੀ ਲਿਆਉਣ ਦਾ ਸੱਦਾ ਦਿੱਤਾ। ਸਵਾਮੀ ਜੀ ਨੇ ਆਪਣਾ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਮਾਜ ਵਿੱਚ ਏਕਤਾ, ਸਦਭਾਵਨਾ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ ਸੰਦੀਪ ਜੈਨ ਨੇ ਸਾਰੇ ਪ੍ਰਤੀਨਿਧੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ। ਹਾਜ਼ਰ ਸਾਰਿਆਂ ਨੇ ਸਮਾਜਿਕ ਸਦਭਾਵਨਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ ਆਪਣੇ ਯਤਨ ਜਾਰੀ ਰੱਖਣ ਦਾ ਸੰਕਲਪ ਲਿਆ। ਸ਼ਾਂਤੀ ਮੰਤਰ ਨਾਲ ਬੈਠਕ ਸੰਪੰਨ ਹੋਈ।
ਸਮਾਜਿਕ ਸਦਭਾਵਨਾ ਬੈਠਕ ਨੇ ਧਰਮਾਂ ਅਤੇ ਜਾਤਾਂ-ਪਾਤਾਂ ਤੋਂ ਉਪਰ ਉਠਣ ਦੀ ਕੀਤੀ ਅਪੀਲ
ਅਜੀਤ ਡੈਸਕ
18-06-2026