02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਚੌਕਾਂ ’ਚ ਜਾਮ ਲਾਉਣ ’ਤੇ ਮੁਕੰਮਲ ਪਾਬੰਦੀ

ਅਜੀਤ ਡੈਸਕ 07-07-2026

ਨਵਾਂਸ਼ਹਿਰ, 6 ਜੁਲਾਈ (ਜਸਬੀਰ ਸਿੰਘ ਨੂਰਪੁਰ)- ਜ਼ਿਲ੍ਹਾ ਮੈਜਿਸਟ੍ਰੇਟ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਯੂਨੀਅਨ ਜਾਂ ਜਥੇਬੰਦੀ ਵੱਲੋਂ ਸੜਕਾਂ ਤੇ ਚੌਕਾਂ ਵਿਚ ਟਰੈਫਿਕ ਜਾਮ ਲਗਾਉਣ ’ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਦੌਰਾਨ ਮੁੱਖ ਮਾਰਗ ’ਤੇ ਰਸਤਾ ਰੋਕ ਕੇ ਧਰਨੇ ਆਦਿ ਲਾਉਣ ਕਾਰਨ ਚੰਡੀਗੜ੍ਹ-ਜਲੰਧਰ-ਅੰਮ੍ਰਿਤਸਰ ਜਾਣ ਵਾਲੇ ਲੋਕਾਂ ਨੂੰ ਡਾਢੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿਚ ਮਰੀਜ਼ਾਂ ਨੂੰ ਹੰਗਾਮੀ ਹਾਲਤ ਵਿਚ ਲੈ ਕੇ ਜਾਣ ਵਾਲੀਆਂ ਐਂਬੂਲੈਂਸਾਂ ਨੂੰ ਰਸਤਾ ਨਾ ਮਿਲਣ ਕਾਰਨ, ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਹੁੰਦੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਰੋਸ ਧਰਨਿਆਂ ਵਾਸਤੇ ਜ਼ਿਲ੍ਹੇ ਦੀਆਂ ਤਿੰਨਾਂ ਸਬ-ਡਵੀਜ਼ਨਾਂ ਵਿਚ ਸਥਾਨ ਨਿਰਧਾਰਿਤ ਕੀਤੇ ਗਏ ਹਨ ਤੇ ਕੋਈ ਵੀ ਜਥੇਬੰਦੀ ਜਾਂ ਯੂਨੀਅਨ ਇਨ੍ਹਾਂ ਸਥਾਨਾਂ ’ਤੇ ਸਥਾਨਕ ਪ੍ਰਸ਼ਾਸਨ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਰੋਸ ਪ੍ਰਦਰਸ਼ਨ ਨਹੀਂ ਕਰ ਸਕੇਗੀ। ਇਨ੍ਹਾਂ ਥਾਵਾਂ ਵਿਚ ਸਬ-ਡਵੀਜ਼ਨ ਨਵਾਂਸ਼ਹਿਰ ਵਿੱਚ ਦੁਸਹਿਰਾ ਗਰਾਊਂਡ ਨਵਾਂਸ਼ਹਿਰ ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਅਧਿਕਾਰ ਖੇਤਰ ਅਧੀਨ ਆਉਂਦਾ ਪਿੰਡ ਗੁਜਰਪੁਰ ਕਲਾਂ ਦਾ ਲਗਭਗ 40 ਕਨਾਲ ਰਕਬਾ ਨੇੜੇ ਰੇਲਵੇ ਫਾਟਕ ਬੰਗਾ ਰੋਡ ਨਵਾਂਸ਼ਹਿਰ, ਸਬ-ਡਵੀਜ਼ਨ ਬੰਗਾ ਵਿੱਚ ਪੰਚਾਇਤੀ ਰਕਬਾ, ਗ੍ਰਾਮ ਪੰਚਾਇਤ ਪਿੰਡ ਪੂਨੀਆ ਤੇ ਸਬ-ਡਵੀਜ਼ਨ ਬਲਾਚੌਰ ਵਿਖੇ ਮਿਊਂਸਪਲ ਖੇਡ ਮੈਦਾਨ ਨਜ਼ਦੀਕ ਸਿਵਲ ਹਸਪਤਾਲ ਜਗਤਪੁਰ ਰੋਡ ਸਿਆਣਾ ਨਿਰਧਾਰਿਤ ਕੀਤੀਆਂ ਗਈਆਂ ਹਨ। ਨਿਰਧਾਰਤ ਥਾਵਾਂ ’ਤੇ ਮਨਜ਼ੂਰੀ ਲੈਣ ਉਪਰੰਤ ਲਾਊਡ ਸਪੀਕਰ ਦੀ ਮਨਜ਼ੂਰੀ ਸਬੰਧਤ ਐਸ.ਡੀ.ਐਮ. ਪਾਸੋਂ ਲੈਣੀ ਜ਼ਰੂਰੀ ਹੋਵੇਗੀ। ਹੁਕਮਾਂ ਅਨੁਸਾਰ ਨਵਾਂਸ਼ਹਿਰ ਵਿਖੇ ਚੰਡੀਗੜ੍ਹ ਚੌਕ, ਬੱਸ ਅੱਡਾ ਚੌਕ ਅਤੇ ਨਹਿਰੂ ਗੇਟ ਵਿਖੇ ਕਿਸੇ ਵੀ ਤਰ੍ਹਾਂ ਦਾ ਧਰਨਾ ਜਾਂ ਆਵਾਜਾਈ ਵਿਚ ਵਿਘਨ ਪਾਉਣ ਦੀ ਵੀ ਮਨਾਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਤਹਿਸੀਲ ਕੰਪਲੈਕਸਾਂ, ਐਸ.ਡੀ.ਐਮ ਕੰਪਲੈਕਸਾਂ ਅਤੇ ਡੀ.ਏ.ਸੀ ਕੰਪਲੈਕਸ ਵਿਚ ਵੀ ਅਜਿਹੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ, ਧਰਨੇ ਲਾਉਣ ਜਾਂ ਲਾਊਡ ਸਪੀਕਰ ਵਜਾਉਣ ’ਤੇ ਵੀ ਮੁਕੰਮਲ ਪਾਬੰਦੀ ਲਾਈ ਗਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਅਨੁਸਾਰ ਉਕਤ ਨਿਰਧਾਰਿਤ ਸਥਾਨਾਂ ਤੋਂ ਇਲਾਵਾ ਹੋਰ ਕਿਸੇ ਵੀ ਥਾਂ ਜਾਂ ਸੜ੍ਹਕ ’ਤੇ ਰੋਸ ਧਰਨਾ ਜਾਂ ਪ੍ਰਦਰਸ਼ਨ ਕਰਨ ’ਤੇ ਪਾਬੰਦੀ ਹੋਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਪਿਛਲੀ ਖ਼ਬਰ ਕਮਿਊਨਿਟੀ ਆਊਟਰੀਚ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਪੂਰਨਤਾ ਸਰਟੀਫ਼ਿਕੇਟ ਵੰਡੇ ਅਗਲੀ ਖ਼ਬਰ ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਸ਼ਲਾਘਾਯੋਗ ਕਦਮ - ਪਰਮਿੰਦਰ ਸਿੰਘ ਬੋਇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।