ਵਾਤਾਵਰਨ ਪ੍ਰੇਮੀ ਜੀਤ ਰਾਮ ਹਿਆਲਾ ਅਤੇ ਹਰਦਿਆਲ ਸਿੰਘ ਰੇਲਵੇ ਸਟੇਸ਼ਨ ਦੀ ਇਮਾਰਤ ਅਤੇ ਅਧੂਰੇ ਪਏ ਬਾਥਰੂਮ ਨੂੰ ਦਖਾਉਂਦੇ ਹੋਏ।
ਰਾਹੋਂ ਰੇਲਵੇ ਸਟੇਸ਼ਨ ਆਧੁਨਿਕ ਸਹੂਲਤਾਂ ਤੋਂ ਵਾਂਝਾ, ਯਾਤਰੀ ਪ੍ਰੇਸ਼ਾਨ
ਰਾਹੋਂ, 23 ਅਗਸਤ (ਉਂਕਾਰ ਸਿੰਘ ਰਾਠੋਰ) - ਰੇਲਵੇ ਸਟੇਸ਼ਨ ਰਾਹੋਂ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਅਤੇ ਸਾਫ਼ ਸਫਾਈ, ਯਾਤਰੀਆਂ ਲਈ ਸਾਫ਼-ਸੁਥਰੇ ਪਖਾਨਿਆਂ ਦੀ ਵਿਵਸਥਾ, ਪਲੇਟਫਾਰਮ ਦੀ ਸਫ਼ਾਈ, ਸਟੇਸ਼ਨ ’ਤੇ ਰੌਸ਼ਨੀ ਦੀ ਢੁੱਕਵੀਂ ਵਿਵਸਥਾ, ਬੈਠਣ ਵਾਲੀਆਂ ਕੁਰਸੀਆਂ ਉਪਰ ਛਾਂਦਾਰ ਸ਼ੈੱਡ ਨਾ ਹੋਣ ਤੇ ਰੇਲ ਸੇਵਾ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਹੈ। ਇਸ ਸਬੰਧੀ ਵਾਤਾਵਰਣ ਪ੍ਰੇਮੀ ਜੀਤ ਰਾਮ ਹਿਆਲਾ ਨੇ ਦੱਸਿਆ ਕਿ ਰਾਹੋਂ ਰੇਲਵੇ ਸਟੇਸ਼ਨ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਉਹ ਲਗਾਤਾਰ ਯਤਨ ਕਰ ਰਹੇ ਹਨ।
ਰਾਹੋਂ, 23 ਅਗਸਤ (ਉਂਕਾਰ ਸਿੰਘ ਰਾਠੋਰ) - ਰੇਲਵੇ ਸਟੇਸ਼ਨ ਰਾਹੋਂ ਦੀ ਪੁਰਾਣੀ ਇਮਾਰਤ ਦੀ ਮੁਰੰਮਤ ਅਤੇ ਸਾਫ਼ ਸਫਾਈ, ਯਾਤਰੀਆਂ ਲਈ ਸਾਫ਼-ਸੁਥਰੇ ਪਖਾਨਿਆਂ ਦੀ ਵਿਵਸਥਾ, ਪਲੇਟਫਾਰਮ ਦੀ ਸਫ਼ਾਈ, ਸਟੇਸ਼ਨ ’ਤੇ ਰੌਸ਼ਨੀ ਦੀ ਢੁੱਕਵੀਂ ਵਿਵਸਥਾ, ਬੈਠਣ ਵਾਲੀਆਂ ਕੁਰਸੀਆਂ ਉਪਰ ਛਾਂਦਾਰ ਸ਼ੈੱਡ ਨਾ ਹੋਣ ਤੇ ਰੇਲ ਸੇਵਾ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਲੰਬੇ ਸਮੇਂ ਤੋਂ ਆਵਾਜ਼ ਉਠਾਈ ਜਾ ਰਹੀ ਹੈ। ਇਸ ਸਬੰਧੀ ਵਾਤਾਵਰਣ ਪ੍ਰੇਮੀ ਜੀਤ ਰਾਮ ਹਿਆਲਾ ਨੇ ਦੱਸਿਆ ਕਿ ਰਾਹੋਂ ਰੇਲਵੇ ਸਟੇਸ਼ਨ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਉਹ ਲਗਾਤਾਰ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਸਾਬਕਾ ਵਿਧਾਇਕ, ਸਾਬਕਾ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਸੌਂਪਿਆ ਗਿਆ ਅਤੇ ਇਸ ਤੋਂ ਬਾਅਦ ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਵੀ ਮੁਲਾਕਾਤ ਕਰਕੇ ਰਾਹੋਂ ਰੇਲਵੇ ਸਟੇਸ਼ਨ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਮਾਮਲਾ ਖੁਦ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦੇ ਧਿਆਨ ਵਿੱਚ ਲਿਆਉਣਗੇ ਅਤੇ ਰਾਹੋਂ ਵਾਸੀਆਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਜੀਤ ਰਾਮ ਹਿਆਲਾ ਨੇ ਕਿਹਾ ਕਿ ਪਹਿਲਾਂ ਰਾਹੋਂ ਰੇਲਵੇ ਸਟੇਸ਼ਨ ’ਤੇ ਇੱਕ ਦਿਨ ਵਿੱਚ ਰੇਲ ਗੱਡੀ ਤਿੰਨ ਵਾਰ ਆਉਂਦੀ ਸੀ, ਪਰ ਹੁਣ ਹਫ਼ਤੇ ਵਿੱਚ ਪੰਜ ਦਿਨ ਅਤੇ ਰੋਜ਼ਾਨਾ ਕੇਵਲ ਇੱਕ ਸਮੇਂ ’ਤੇ ਰੇਲ ਆਉਂਦੀ ਹੈ। ਇਸ ਦੇ ਨਾਲ ਹੀ ਰੇਲ ਗੱਡੀ ਦਾ ਕੋਈ ਪੱਕਾ ਸਮਾਂ ਨਾ ਹੋਣ ਕਾਰਨ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਵਿੱਚ ਭਾਰੀ ਮੁਸ਼ਕਿਲ ਆਉਂਦੀ ਹੈ ਤੇ ਕਈ ਵਾਰ ਲੰਮਾ ਸਮਾਂ ਸਟੇਸ਼ਨ ’ਤੇ ਉਡੀਕ ਕਰਨੀ ਪੈਂਦੀ ਹੈ। ਉਨ੍ਹਾਂ ਮੰਗ ਕੀਤੀ ਕਿ ਰੇਲ ਦਾ ਸਮਾਂ ਪੱਕਾ ਕੀਤਾ ਜਾਵੇ ਤੇ ਰੋਜ਼ਾਨਾ ਪਹਿਲਾਂ ਵਾਂਗ ਰੇਲ ਦਾ ਸਮਾਂ ਵਧਾਇਆ ਜਾਵੇ ਅਤੇ ਰਾਹੋਂ ਦੀ ਰੇਲਵੇ ਲਾਈਨ ਨੂੰ ਅੱਗੇ ਖੰਨਾ ਰੇਲਵੇ ਲਾਈਨ ਨਾਲ ਜੋੜਿਆ ਜਾਵੇ ਅਤੇ ਜਲੰਧਰ ਤੋਂ ਸ਼੍ਰੀ ਅੰਮ੍ਰਿਤਸਰ ਨੂੰ ਪੱਕੇ ਤੌਰ ’ਤੇ ਜੋੜਿਆ ਜਾਵੇ ਤਾਂ ਜੋ ਰਾਹੋਂ ਤੇ ਆਸ-ਪਾਸ ਦੇ ਇਲਾਕੇ ਨੂੰ ਵਧੇਰੇ ਰੇਲ ਸਹੂਲਤਾਂ ਮਿਲ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਰਾਹੋਂ ਸਗੋਂ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਵੱਡਾ ਲਾਭ ਮਿਲੇਗਾ ਤੇ ਇਲਾਕੇ ਦੇ ਵਪਾਰਕ ਤੇ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲ ਸਕਦਾ ਹੈ। ਜੀਤ ਰਾਮ ਹਿਆਲਾ ਨੇ ਕਿਹਾ ਕਿ ਅਬਦੁਲ ਰਹਿਮਾਨ ਵੱਲੋਂ ਰੇਲਵੇ ਨੂੰ ਦਿੱਤੀ ਗਈ 41 ਏਕੜ ਜ਼ਮੀਨ ਦੀ ਵੀ ਯੋਗ ਵਰਤੋਂ ਕੀਤੀ ਜਾਵੇ। ਰਾਹੋਂ ਸਟੇਸ਼ਨ ਦੀ ਇਤਿਹਾਸਕ ਮਹੱਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਸ ਦੀ ਇਮਾਰਤ ਦੀ ਦਿੱਖ ਤੇ ਵਿਰਾਸਤੀ ਰੂਪ ਨੂੰ ਸੰਭਾਲਿਆ ਜਾਵੇ। ਉਨ੍ਹਾਂ ਕਿਹਾ ਕਿ ਅਬਦੁਲ ਰਹਿਮਾਨ ਵਲੋ ਦਿੱਤੀ ਗਈ ਜ਼ਮੀਨ ਨੂੰ ਪੂਰੀ ਤਰ੍ਹਾਂ ਵਿਕਸਤ ਕਰਕੇ ਰੇਲਵੇ ਲਈ ਆਮਦਨ ਦਾ ਸਥਾਈ ਸਾਧਨ ਬਣਾਇਆ ਜਾ ਸਕਦਾ ਹੈ, ਜਿਸ ਨਾਲ ਇਲਾਕੇ ਦੇ ਰੇਲਵੇ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕੀਤੀ ਕਿ ਰਾਹੋਂ ਰੇਲਵੇ ਸਟੇਸ਼ਨ ਦੀ ਆਧੁਨਿਕ ਤਰੀਕੇ ਨਾਲ ਰੇਨੋਵੇਸ਼ਨ ਕਰਵਾਈ ਜਾਵੇ। ਖਸਤਾ ਇਮਾਰਤ ਦੀ ਤੁਰੰਤ ਮੁਰੰਮਤ, ਸਾਫ਼ ਸਫ਼ਾਈ, ਯਾਤਰੀਆਂ ਲਈ ਬਾਥਰੂਮ, ਪੀਣ ਵਾਲੇ ਪਾਣੀ ਦੀ ਸਹੂਲਤ, ਬੈਠਣ ਵਾਲੀਆਂ ਕੁਰਸੀਆਂ ਉਪਰ ਸ਼ੈੱਡ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਰਾਹੋਂ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਕੇ ਯਾਤਰੀਆਂ ਲਈ ਸੁਖਾਵਾਂ ਮਾਹੌਲ ਬਣਾਇਆ ਜਾਵੇ ਤੇ ਰੇਲ ਗੱਡੀਆਂ ਦੀ ਗਿਣਤੀ ਵਧਾਉਣ ਦੇ ਨਾਲ ਉਨ੍ਹਾਂ ਦੀ ਪੱਕੀ ਸਮਾਂ-ਸਾਰਣੀ ਵੀ ਜਾਰੀ ਕੀਤੀ ਜਾਵੇ। ਰਾਹੋਂ ਰੇਲਵੇ ਸਟੇਸ਼ਨ ਦੀਆਂ ਮੰਗਾਂ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮੁੱਚੇ ਇਲਾਕੇ ਦੇ ਲੋਕਾਂ ਦੀਆਂ ਜਾਇਜ਼ ਮੰਗਾਂ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰੀ ਰੇਲ ਮੰਤਰਾਲਾ ਅਤੇ ਰੇਲਵੇ ਵਿਭਾਗ ਇਨ੍ਹਾਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਲਦ ਠੋਸ ਕਦਮ ਚੁੱਕਣਗੇ ਤਾਂ ਜੋ ਰਾਹੋਂ ਵਾਸੀਆਂ ਅਤੇ ਰੋਜ਼ਾਨਾ ਰੇਲ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੰਬੇ ਸਮੇਂ ਤੋਂ ਚੱਲ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।