15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਦਬੂ ਨਾਲ ਦੁਕਾਨਦਾਰਾਂ ਅਤੇ ਗਾਹਕਾਂ ਦਾ ਜਿਊਣਾ ਹੋਇਆ ਦੁੱਭਰ ਅਮਲੋਹ ਦੇ ਬਾਜ਼ਾਰਾਂ 'ਚ ਸਫ਼ਾਈ ਸੇਵਕਾਂ ਨੇ ਖਿਲਾਰਿਆ ਕੂੜਾ

ਹੜਤਾਲੀ ਕਰਮਚਾਰੀਆਂ ਵਲੋਂ ਅਮਲੋਹ ਦੇ ਮੇਨ ਬਾਜ਼ਾਰ ਵਿਚ ਰੋਸ ਪ੍ਰਦਰਸ਼ਨ ਕਰਨ ਲਈ ਸੁੱਟਿਆ ਕੂੜਾ | ਤਸਵੀਰ: ਕੇਵਲ ਸਿੰਘ <br/> 16-05-2026
ਅਮਲੋਹ, 15 ਮਈ (ਹਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅਮਲੋਹ ਵਿਖੇ ਚੱਲ ਰਹੀ ਅਣਮਿੱਥੇ ਸਮੇਂ ਦੀ ਹੜਤਾਲ ਅੱਜ 11ਵੇਂ ਦਿਨ ਵਿਚ ਦਾਖਲ ਹੁੰਦਿਆਂ ਹੀ ਬੇਹੱਦ ਤਿੱਖੇ ਰੂਪ ਵਿਚ ਸਾਹਮਣੇ ਆਈ ਹੈ | ਅੱਜ ਨਗਰ ਕੌਂਸਲ ਅਮਲੋਹ ਦੇ ਸਮੂਹ ਸਫ਼ਾਈ ਕਰਮਚਾਰੀਆਂ ਨੇ ਮੇਟ ਪ੍ਰਧਾਨ ਪਰਮਜੀਤ ਪੰਮੀ ਦੀ ਅਗਵਾਈ ਹੇਠ ਪਹਿਲਾਂ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਫਿਰ ਆਪਣਾ ਰੋਸ ਪ੍ਰਗਟਾਉਣ ਲਈ ਸ਼ਹਿਰ ਦੇ ਮੁੱਖ ਬਾਜ਼ਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਗਰ ਕੌਂਸਲ ਦੀ ਮਸ਼ੀਨਰੀ ਵਰਤ ਕੇ ਸੜਕਾਂ 'ਤੇ ਕੂੜਾ ਖਿਲਾਰ ਦਿੱਤਾ | ਹੜਤਾਲੀ ਕਰਮਚਾਰੀਆਂ ਨੇ ਅਮਲੋਹ ਦੇ ਮੇਨ ਬਾਜ਼ਾਰ, ਪੁਰਾਣੀ ਅਨਾਜ ਮੰਡੀ, ਨਾਭਾ ਚੌਂਕ, ਸਰਾਫ਼ਾ ਬਾਜ਼ਾਰ ਅਤੇ ਸਿਵਲ ਹਸਪਤਾਲ ਰੋਡ ਵਰਗੇ ਅਹਿਮ ਹਿੱਸਿਆਂ ਵਿਚ ਗਿੱਲਾ ਤੇ ਸੁੱਕਾ ਕੂੜਾ ਸੜਕਾਂ ਦੇ ਵਿਚਕਾਰ ਸੁੱਟ ਦਿੱਤਾ, ਜਿਸ ਨਾਲ ਸ਼ਹਿਰ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ | ਬਾਜ਼ਾਰਾਂ ਵਿਚ ਸੀਵਰੇਜ ਜਾਮ ਹੋਣ ਕਾਰਨ ਪਹਿਲਾਂ ਹੀ ਗੰਦਾ ਪਾਣੀ ਜਮ੍ਹਾਂ ਸੀ, ਜਿਸ ਵਿਚ ਹੁਣ ਕੂੜਾ ਸੁੱਟੇ ਜਾਣ ਕਾਰਨ ਪੂਰੇ ਇਲਾਕੇ ਵਿਚ ਅਸਹਿ ਬਦਬੂ ਫੈਲ ਚੁੱਕੀ ਹੈ | ਇਸ ਗੰਦਗੀ ਨੇ ਦੁਕਾਨਦਾਰਾਂ ਅਤੇ ਗਾਹਕਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ | ਦੁਕਾਨਦਾਰਾਂ ਦਾ ਆਪਣੀਆਂ ਦੁਕਾਨਾਂ ਵਿਚ ਬੈਠਣਾ ਮੁਸ਼ਕਿਲ ਹੋ ਗਿਆ ਹੈ ਅਤੇ ਬਦਬੂ ਦੇ ਮਾਰੇ ਗਾਹਕ ਬਾਜ਼ਾਰਾਂ ਵਿਚ ਆਉਣ ਤੋਂ ਕਤਰਾ ਰਹੇ ਹਨ | ਇੰਨਾ ਹੀ ਨਹੀਂ, ਸਫ਼ਾਈ ਸੇਵਕਾਂ ਨੇ ਅਨਾਊਾਸਮੈਂਟ ਕਰਕੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਵੀ ਇਸ ਕੂੜੇ ਨੂੰ ਚੁੱਕਣ ਜਾਂ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਹੋਰ ਕੂੜਾ ਸੁੱਟਿਆ ਜਾਵੇਗਾ, ਜਿਸ ਕਾਰਨ ਆਮ ਜਨਤਾ ਵਿਚ ਸਹਿਮ ਅਤੇ ਰੋਸ ਦਾ ਮਾਹੌਲ ਹੈ | ਇਸ ਸਬੰਧੀ ਮੇਟ ਪ੍ਰਧਾਨ ਪਰਮਜੀਤ ਪੰਮੀ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਬੇਰੁਖ਼ੀ ਕਾਰਨ ਉਨ੍ਹਾਂ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ ਹੈ, ਕਿਉਂਕਿ 11 ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ | ਦੂਜੇ ਪਾਸੇ, ਐਸ.ਡੀ.ਐਮ. ਚਰਨਜੋਤ ਸਿੰਘ ਵਾਲੀਆ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਇਹ ਹੜਤਾਲ ਪੂਰੇ ਪੰਜਾਬ ਵਿਚ ਚੱਲ ਰਹੀ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਦੱਸਿਆ ਕਿ ਬਾਜ਼ਾਰਾਂ ਵਿਚ ਕੂੜਾ ਸੁੱਟੇ ਜਾਣ ਦਾ ਮਾਮਲਾ ਉੱਚ ਅਧਿਕਾਰੀਆਂ ਅਤੇ ਡੀ.ਸੀ. ਸਾਹਿਬ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ | ਫ਼ਿਲਹਾਲ ਸ਼ਹਿਰ ਵਿਚ ਫੈਲੀ ਗੰਦਗੀ ਅਤੇ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ |
ਪਿਛਲੀ ਖ਼ਬਰ ਅਮਲੋਹ ਦੇ ਬਾਜ਼ਾਰਾਂ 'ਚ ਸਫ਼ਾਈ ਸੇਵਕਾਂ ਨੇ ਖਿਲਾਰਿਆ ਕੂੜਾ ਅਗਲੀ ਖ਼ਬਰ ਝੋਨੇ ਦੀ ਫ਼ਸਲ 'ਤੇ ਐਮ.ਐਸ.ਪੀ. 'ਚ 72 ਰੁਪਏ ਪ੍ਰਤੀ ਕੁਇੰਟਲ ਦਾ ਕੀਤਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ-ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।