ਫ਼ਤਹਿਗੜ੍ਹ ਸਾਹਿਬ, 9 ਜੂਨ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਲੋਕ ਭਲਾਈ ਲਈ ਕਰਵਾਏ ਜਾ ਰਹੇ ਲੋਕ ਕਲਿਆਣ ਮੇਲੇ ਤਹਿਤ ਨਗਰ ਕੌਂਸਲ ਸਰਹਿੰਦ-ਫ਼ਤਹਿਗੜ ਸਾਹਿਬ ਵਿਖੇ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਅਧੀਨ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ ਅਤੇ ਕੈਂਪ ਦੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਵਿਧਾਇਕ ਰਾਏ ਨੇ ਹਾਜ਼ਰ ਸਟਰੀਟ ਵੈਂਡਰਾਂ ਨਾਲ ਰੂਬਰੂ ਹੋ ਕੇ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਪੀ.ਐਮ. ਸਵਨਿਧੀ ਯੋਜਨਾ ਤਹਿਤ ਮਿਲਣ ਵਾਲੀਆਂ ਸਹੂਲਤਾਂ ਅਤੇ ਲਾਭਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨਾਂ ਕਿਹਾ ਕਿ ਇਹ ਯੋਜਨਾ ਰੇਹੜੀ-ਫੜੀ ਲਗਾ ਕੇ ਆਪਣਾ ਰੁਜ਼ਗਾਰ ਚਲਾਉਣ ਵਾਲੇ ਛੋਟੇ ਕਾਰੋਬਾਰੀਆਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਤੇ ਇਸ ਕੈਂਪ ਦੌਰਾਨ ਯੋਗ ਸਟਰੀਟ ਵੈਂਡਰਾਂ ਦੀਆਂ ਨਵੇਂ ਲੋਨ ਅਤੇ ਕਰੈਡਿਟ ਕਾਰਡ ਦੀਆਂ ਐਪਲੀਕੇਸ਼ਨ ਭਰੀਆਂ ਗਈਆਂ ਅਤੇ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਉਨਾਂ ਨੂੰ ਕਿਊ.ਆਰ. ਕੋਡ ਵੀ ਵੰਡੇ ਗਏ | ਵਿਧਾਇਕ ਰਾਏ ਨੇ ਕਿਹਾ ਕਿ ਸਰਕਾਰ ਸਟਰੀਟ ਵੈਂਡਰਾਂ ਦੀ ਭਲਾਈ ਅਤੇ ਉਨਾਂ ਦੇ ਕਾਰੋਬਾਰ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ | ਉਨਾਂ ਦੱਸਿਆ ਕਿ ਪੀ.ਐਮ. ਸਵਨਿਧੀ ਯੋਜਨਾ ਰਾਹੀਂ ਲਾਭਪਾਤਰੀਆਂ ਨੂੰ ਬਿਨਾਂ ਗਾਰੰਟੀ ਕਰਜ਼ਾ, ਸਮੇਂ ਸਿਰ ਅਦਾਇਗੀ 'ਤੇ ਵਿਆਜ ਸਬਸਿਡੀ ਅਤੇ ਡਿਜੀਟਲ ਲੈਣ-ਦੇਣ 'ਤੇ ਪ੍ਰੋਤਸਾਹਨ ਰਾਸ਼ੀ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ | ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਵੀ ਸਟਰੀਟ ਵੈਂਡਰਾਂ ਨੂੰ ਯੋਜਨਾ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਵੱਧ ਤੋਂ ਵੱਧ ਗਿਣਤੀ ਵਿਚ ਇਸ ਯੋਜਨਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਸਤਪਾਲ ਇੰਸਪੈਕਟਰ, ਜੁਗਰਾਜ ਸਿੰਘ ਇੰਸਪੈਕਟਰ, ਨੋਡਲ ਅਫ਼ਸਰ ਓਮ ਪ੍ਰੀਤੀ, ਇੰਦਰਜੀਤ ਢੰਡ ਜੂਨੀਅਰ ਸਹਾਇਕ, ਸੀ.ਐਮ.ਐਮ. ਗੁਰਪ੍ਰੀਤ ਸਿੰਘ, ਸੀ.ਓ. ਅਮਨਦੀਪ ਕੌਰ ਸਮੇਤ ਨਗਰ ਕੌਂਸਲ ਦੇ ਹੋਰ ਅਧਿਕਾਰੀ, ਕਰਮਚਾਰੀ ਅਤੇ ਵੱਡੀ ਗਿਣਤੀ ਵਿਚ ਸਟਰੀਟ ਵੈਂਡਰ ਹਾਜ਼ਰ ਸਨ |