ਖਮਾਣੋਂ, 9 ਜੂਨ (ਜੋਗਿੰਦਰ ਪਾਲ)-ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਨੇ ਅੱਜ ਦਾਣਾ ਮੰਡੀ ਖਮਾਣੋਂ ਵਿਖੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਦੇ ਦਫ਼ਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਸਰਕਾਰ ਵਲੋਂ ਸ਼ਰੇਆਮ ਧੱਕਾ ਕੀਤਾ ਗਿਆ ਅਤੇ ਇਹ ਚੋਣਾਂ ਜਿੱਤੀਆਂ ਨਹੀਂ ਗਈਆਂ, ਸਗੋਂ ਕੈਪਚਰ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਹੋਂਦ ਵਿਚ ਆਈ ਅਤੇ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦੇ ਲੋਕ ਦੁਖੀ ਹਨ ਅਤੇ ਇਸ ਦਾ ਜਵਾਬ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਦੇਣਗੇ | ਉਨ੍ਹਾਂ ਕਿਹਾ ਕਿ ਅੱਜ ਵੱਖ-ਵੱਖ ਪਾਰਟੀਆਂ ਵਿਚ ਵਰਕਰਾਂ ਦਾ ਸਤਿਕਾਰ ਘੱਟ ਰਿਹਾ ਹੈ ਅਤੇ ਸਰਮਾਏਦਾਰ ਲੋਕਾਂ ਨੂੰ ਪਾਰਟੀਆਂ ਵਿਚ ਸ਼ਾਮਿਲ ਕਰਕੇ ਉੱਚੇ ਅਹੁਦੇ ਤੇ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ, ਜੋ ਕਿ ਬਹੁਤ ਹੀ ਗ਼ਲਤ ਰੁਝਾਨ ਹੈ | ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਅਤੇ ਹਾਜ਼ਰ ਹੋਰਨਾਂ ਆਗੂਆਂ ਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਮੀਨੀ ਪੱਧਰ 'ਤੇ ਕੰਮ ਕੀਤਾ ਜਾਵੇ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਖਮਾਣੋਂ ਦੇ ਪ੍ਰਧਾਨ ਸਰਬਜੀਤ ਸਿੰਘ ਜੀਤੀ, ਡਾ. ਅਮਰਜੀਤ ਸੋਹਲ ਸਾਬਕਾ ਪ੍ਰਧਾਨ ਨਗਰ ਪੰਚਾਇਤ, ਬਸੀ ਪਠਾਣਾਂ ਦੇ ਪ੍ਰਧਾਨ ਅਮੀ ਚੰਦ ਭਟੇੜੀ, ਡਾ. ਜਸਵੰਤ ਸਿੰਘ ਸਾਬਕਾ ਐਸ.ਐਮ.ਓ. ਚੇਅਰਮੈਨ ਐਂਟੀ ਕਰੱਪਸ਼ਨ ਫਾਊਾਡੇਸ਼ਨ ਆਫ਼ ਇੰਡੀਆ, ਡਾ.ਨਰੇਸ਼ ਚੌਹਾਨ, ਹਰਦੀਪ ਸਿੰਘ ਕੰਬੋਜ ਜਨਰਲ ਸੈਕਟਰੀ ਓ.ਬੀ.ਸੀ. ਸੈਲ, ਐਸ.ਸੀ ਸੈੱਲ ਦੇ ਜ਼ਿਲਾ ਚੇਅਰਮੈਨ ਲਖਵੀਰ ਸਿੰਘ ਸੰਧਾਰੀ ਮਾਜਰਾ, ਗਗਨਦੀਪ ਸਿੰਘ ਬਾਗੜੀ ਬਲਾਕ ਚੇਅਰਮੈਨ ਐਸ.ਸੀ ਸੈੱਲ, ਕਿਸ਼ੋਰੀ ਲਾਲ ਸ਼ਹਿਰੀ ਪ੍ਰਧਾਨ, ਹਰਦੀਪ ਸਿੰਘ ਬਦੇਸ਼ਾਂ, ਗੁਰਚਰਨ ਸਿੰਘ ਚੰਨੀ, ਨੱਥੂ ਰਾਮ ਨੰਬਰਦਾਰ ਨੰਗਲਾਂ ਵੀ ਹਾਜ਼ਰ ਸਨ |