ਖਮਾਣੋਂ, 9 ਜੂਨ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਅੱਜ ਦਾਣਾ ਮੰਡੀ ਖਮਾਣੋਂ ਸਥਿਤ ਆਪਣੇ ਦਫ਼ਤਰ ਵਿਖੇ ਇਕ ਪੈ੍ਰਸ ਕਾਨਫਰੰਸ ਕਰਕੇ ਹਲਕੇ ਦੇ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਖ਼ਿਲਾਫ਼ ਹਲਕੇ 'ਚ ਮਨਮਾਨੀਆਂ ਕਰਨ ਅਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਗਾਏ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਡਾ. ਮਨੋਹਰ ਸਿੰਘ ਨੇ ਬਿਨਾਂ ਪਾਰਟੀ ਨੂੰ ਸੂਚਿਤ ਕੀਤੇ ਹਲਕੇ ਨੂੰ 7 ਜ਼ੋਨਾਂ 'ਚ ਵੰਡ ਦਿੱਤਾ ਹੈ ਅਤੇ ਇਸ ਤਰ੍ਹਾਂ ਕਰਕੇ ਉਹ ਪਾਰਟੀ ਵਰਕਰਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਹਲਕੇ ਵਿਚ ਕਾਂਗਰਸ ਪਾਰਟੀ ਦਾ ਅਨੁਸ਼ਾਸਨ ਭੰਗ ਕਰ ਰਹੇ ਹਨ ਜਿਸ ਕਾਰਨ ਪਾਰਟੀ ਦਾ ਅਕਸ ਖ਼ਰਾਬ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਹਲਕਾ ਬਸੀ ਪਠਾਣਾਂ 'ਚ ਕਈ ਆਗੂ ਸੰਭਾਵੀ ਉਮੀਦਵਾਰ ਵਜੋਂ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਿਚਰ ਰਹੇ ਹਨ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ-ਘਰ ਤੱਕ ਪਹੁੰਚ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਜਿਸ ਨੂੰ ਵੀ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਟਿਕਟ ਦੇਵੇਗੀ ਉਸ ਦੀ ਡਟ ਕੇ ਮਦਦ ਕੀਤੀ ਜਾਵੇਗੀ | ਉਨ੍ਹਾਂ ਦੋਸ਼ ਲਗਾਏ ਕਿ ਡਾ. ਮਨੋਹਰ ਸਿੰਘ ਵਲੋਂ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲ ਚੋਣਾਂ 'ਚ ਵੀ ਕਾਂਗਰਸੀ ਉਮੀਦਵਾਰਾਂ ਨੂੰ ਹਰਾਉਣ ਲਈ ਵਿਰੋਧੀ ਉਮੀਦਵਾਰਾਂ ਦੀ ਮਦਦ ਕੀਤੀ ਗਈ ਅਤੇ ਬਕਾਇਦਾ ਟੈਲੀਵਿਜ਼ਨ ਚੋਣ ਨਿਸ਼ਾਨ ਤੋਂ ਚੋਣ ਲੜਨ ਲਈ ਉਮੀਦਵਾਰਾਂ ਨੂੰ ਟਿਕਟਾਂ ਆਫ਼ਰ ਕੀਤੀਆਂ ਗਈਆਂ | ਜਿਸ ਦੇ ਪੁਖ਼ਤਾ ਸਬੂਤ ਉਨ੍ਹਾਂ ਕੋਲ ਮੌਜੂਦ ਹਨ ਅਤੇ ਇਨ੍ਹਾਂ ਸਬੂਤਾਂ ਨੂੰ ਪਾਰਟੀ ਹਾਈਕਮਾਂਡ ਤੱਕ ਭੇਜਿਆ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸੇ ਵੀ ਕਾਂਗਰਸੀ ਵਰਕਰ ਜਾਂ ਅਹੁਦੇਦਾਰ ਨੂੰ ਪਾਰਟੀ ਦਾ ਅਨੁਸ਼ਾਸਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਨੁਸ਼ਾਸਨ ਭੰਗ ਕਰਨ ਵਾਲੇ 'ਤੇ ਕਾਰਵਾਈ ਕਰਨ ਲਈ ਰਿਪੋਰਟ ਹਾਈ ਕਮਾਂਡ ਨੂੰ ਭੇਜੀ ਜਾਵੇਗੀ | ਇਸ ਤੋਂ ਇਲਾਵਾ ਉਨ੍ਹਾਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਕਾਂਗਰਸੀ ਆਗੂਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇੱਕਮੁਠਤਾ ਦੇ ਨਾਲ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਣ ਤਾਂ ਜੋ ਜ਼ਿਲ੍ਹੇ ਦੀਆਂ ਤਿੰਨੇ ਵਿਧਾਨ ਸਭਾ ਹਲਕਿਆਂ ਵਿਚ ਸ਼ਾਨਦਾਰ ਜਿੱਤ ਦਰਜ ਕੀਤੀ ਜਾ ਸਕੇ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਖਮਾਣੋਂ ਦੇ ਪ੍ਰਧਾਨ ਸਰਬਜੀਤ ਸਿੰਘ ਜੀਤੀ, ਬਸੀ ਪਠਾਣਾਂ ਦੇ ਬਲਾਕ ਪ੍ਰਧਾਨ ਅਮੀ ਚੰਦ ਭਟੇੜੀ, ਡਾ. ਨਰੇਸ਼ ਚੌਹਾਨ, ਹਰਦੀਪ ਸਿੰਘ ਕੰਬੋਜ ਜਨਰਲ ਸਕੱਤਰ ਓ.ਬੀ.ਸੀ. ਸੈਲ ਕਾਂਗਰਸ ਪੰਜਾਬ, ਐਸ.ਸੀ ਸੈੱਲ ਦੇ ਜ਼ਿਲ੍ਹਾ ਚੇਅਰਮੈਨ ਲਖਵੀਰ ਸਿੰਘ ਸੰਧਾਰੀ ਮਾਜਰਾ, ਡਾ. ਜਸਵੰਤ ਸਿੰਘ ਸਾਬਕਾ ਐਸ.ਐਮ.ਓ., ਗਗਨਦੀਪ ਸਿੰਘ ਬਾਗੜੀ ਬਲਾਕ ਚੇਅਰਮੈਨ ਐਸ.ਸੀ ਸੈੱਲ, ਕਿਸ਼ੋਰੀ ਲਾਲ ਸ਼ਹਿਰੀ ਪ੍ਰਧਾਨ, ਹਰਦੀਪ ਸਿੰਘ ਬਦੇਸ਼ਾਂ, ਗੁਰਚਰਨ ਸਿੰਘ ਚੰਨੀ, ਨੱਥੂ ਰਾਮ ਨੰਬਰਦਾਰ ਨੰਗਲਾਂ, ਕੌਂਸਲਰ ਗੁਰਿੰਦਰ ਸਿੰਘ ਸੋਨੀ, ਕੌਂਸਲਰ ਸੁਖਵਿੰਦਰ ਸਿੰਘ ਨਿੱਕੂ ਆਦਿ ਵੀ ਹਾਜ਼ਰ ਸਨ |