ਮੰਡੀ ਗੋਬਿੰਦਗੜ੍ਹ, 9 ਜੂਨ (ਇਕਬਾਲਦੀਪ ਸੰਧੂ)-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਗਾਇਤ੍ਰੀ ਯੋਗ ਸੰਸਥਾਨ ਟਰੱਸਟ, ਨਿਊ ਸ਼ਾਸਤਰੀ ਨਗਰ ਵਲੋਂ 11 ਤੋਂ 13 ਜੂਨ ਤੱਕ ਤਿੰਨ ਦਿਨਾਂ ਯੋਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਹ ਕੈਂਪ ਰੋਜ਼ਾਨਾਂ ਸਵੇਰੇ 6 ਤੋਂ ਸਵਾ 7 ਵਜੇ ਤੱਕ ਗਾਇਤ੍ਰੀ ਆਸ਼ਰਮ ਮੰਡੀ ਗੋਬਿੰਦਗੜ ਵਿਖੇ ਲਗਾਇਆ ਜਾਵੇਗਾ | ਸੰਸਥਾ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਯੋਗ ਭਾਰਤ ਦੀ ਪ੍ਰਾਚੀਨ ਅਤੇ ਅਨਮੋਲ ਵਿੱਦਿਆ ਹੈ, ਜਿਸ ਨੂੰ ਅੱਜ ਦੁਨੀਆ ਦੇ ਲਗਪਗ 200 ਦੇਸ਼ਾਂ ਵਲੋਂ ਅਪਣਾਇਆ ਜਾ ਚੁੱਕਾ ਹੈ | ਯੋਗ ਦੇ ਨਿਯਮਿਤ ਅਭਿਆਸ ਨਾਲ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਪ੍ਰਾਪਤ ਹੁੰਦੀ ਹੈ ਅਤੇ ਮਨੋਬਲ ਤੇ ਆਤਮਬਲ ਵਿਚ ਵਾਧਾ ਹੁੰਦਾ ਹੈ | ਉਨਾਂ ਕਿਹਾ ਕਿ ਯੋਗ ਅਭਿਆਸ ਰਾਹੀਂ ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਸਿਰਦਰਦ, ਜੋੜਾਂ ਦੇ ਦਰਦ ਅਤੇ ਦਿਲ ਸਬੰਧੀ ਕਈ ਸਮੱਸਿਆਵਾਂ ਤੋਂ ਰਾਹਤ ਮਿਲ ਸਕਦੀ ਹੈ | ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਮਿੱਤਰਾਂ ਸਮੇਤ ਇਸ ਯੋਗ ਕੈਂਪ ਵਿਚ ਸ਼ਾਮਿਲ ਹੋ ਕੇ ਸਿਹਤਮੰਦ ਜੀਵਨ ਵੱਲ ਕਦਮ ਵਧਾਉਣ ਤੇ ਯੋਗ ਦੇ ਲਾਭ ਪ੍ਰਾਪਤ ਕਰਨ |