ਜਖਵਾਲੀ, 9 ਜੂਨ (ਨਿਰਭੈ ਸਿੰਘ)-ਐਨ.ਐਸ.ਯੂ.ਆਈ. ਦੇ ਸੂਬਾ ਪ੍ਰਧਾਨ ਅਤੇ ਹਲਕਾ ਫ਼ਤਹਿਗੜ ਸਾਹਿਬ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਈਸ਼ਰਪ੍ਰੀਤ ਸਿੱਧੂ ਵਲੋਂ ਜਨ ਸੰਪਰਕ ਮੁਹਿੰਮ ਤਹਿਤ ਹਲਕੇ ਦੇ ਪਿੰਡ ਜਖਵਾਲੀ ਵਿਖੇ ਇਕ ਮੀਟਿੰਗ ਕੀਤੀ ਗਈ | ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਈਸ਼ਰਪ੍ਰੀਤ ਸਿੱਧੂ ਨੇ ਕਿਹਾ ਕਿ ਕਿਸਾਨ ਅਤੇ ਨੌਜਵਾਨ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਹਨ ਅਤੇ ਇਨਾਂ ਤੋਂ ਬਿਨਾਂ ਕੋਈ ਵੀ ਸਰਕਾਰ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ | ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਸਰਕਾਰਾਂ ਹਮੇਸ਼ਾ ਹੀ ਕਿਸਾਨਾਂ ਅਤੇ ਨੌਜਵਾਨਾਂ ਨਾਲ ਵਿਤਕਰਾ ਕਰਦੀਆਂ ਆ ਰਹੀਆਂ ਹਨ | ਉਨਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜਦੋਂ ਕਿਸਾਨ ਆਪਣੇ ਹੱਕ ਮੰਗਦੇ ਹਨ ਤਾਂ ਉਨ੍ਹਾਂ 'ਤੇ ਤਸ਼ੱਦਦ ਢਾਹਿਆ ਜਾਂਦਾ ਹੈ ਅਤੇ ਜਦੋਂ ਨੌਜਵਾਨ ਰੁਜ਼ਗਾਰ ਤੇ ਆਪਣੇ ਹੱਕਾਂ ਦੀ ਮੰਗ ਕਰਦੇ ਹਨ ਤਾਂ ਉਨਾਂ 'ਤੇ ਲਾਠੀਚਾਰਜ ਕੀਤਾ ਜਾਂਦਾ ਹੈ | ਉਨਾਂ ਕਿਹਾ ਕਿ 'ਆਪ' ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰਾਂ ਫ਼ੇਲ ਸਾਬਤ ਹੋਈ ਹੈ | ਜੋ ਸਰਕਾਰ ਖ਼ੁਦ ਨੂੰ 'ਆਮ ਲੋਕਾਂ ਦੀ ਸਰਕਾਰ' ਦੱਸਦੀ ਸੀ, ਅੱਜ ਉਹੀ ਸਰਕਾਰ ਆਮ ਜਨਤਾ ਨੂੰ ਕੁੱਟਣ ਅਤੇ ਲੁੱਟਣ 'ਤੇ ਉਤਾਰੂ ਹੈ | ਈਸ਼ਰਪ੍ਰੀਤ ਸਿੱਧੂ ਨੇ ਸਥਾਨਕ ਮੁੱਦਿਆਂ ਦੀ ਗੱਲ ਕਰਦਿਆਂ ਕਿਹਾ ਕਿ ਜ਼ਿਲਾ ਫ਼ਤਹਿਗੜ ਸਾਹਿਬ ਨੂੰ ਹੋਂਦ ਵਿਚ ਆਇਆਂ ਕਰੀਬ 34 ਸਾਲ ਹੋ ਚੁੱਕੇ ਹਨ, ਪਰ ਅਜੇ ਤੱਕ ਇੱਥੋਂ ਦੇ ਲੋਕਾਂ ਨੂੰ ਇਕ ਵਧੀਆ ਸਹੂਲਤਾਂ ਵਾਲਾ ਹਸਪਤਾਲ ਨਸੀਬ ਨਹੀਂ ਹੋ ਸਕਿਆ | ਇਸ ਮੌਕੇ ਪਿੰਡ ਜਖਵਾਲੀ ਦੇ ਨਗਰ ਨਿਵਾਸੀਆਂ ਅਤੇ ਪਤਵੰਤੇ ਸੱਜਣਾਂ ਵਲੋਂ ਨੌਜਵਾਨ ਆਗੂ ਈਸ਼ਰਪ੍ਰੀਤ ਸਿੱਧੂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਅਤੇ ਉਨਾਂ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ |