ਮੰਡੀ ਗੋਬਿੰਦਗੜ੍ਹ, 20 ਜੁਲਾਈ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਦੀ ਐਨ. ਸੀ. ਸੀ. ਕੈਡਿਟ ਐਸ. ਜੀ. ਟੀ ਤਨੂ ਕੁਮਾਰੀ ਨੇ ਥਲ ਸੈਨਿਕ ਇੰਟਰ ਗਰੁੱਪ ਮੁਕਾਬਲੇ ਦੇ ਫਾਇਰਿੰਗ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ, ਬਟਾਲੀਅਨ ਤੇ ਪੂਰੇ ਖੇਤਰ ਦਾ ਨਾਂਅ ਰੌਸ਼ਨ ਕੀਤਾ ਹੈ। ਇਹ ਮੁਕਾਬਲਾ 7 ਤੋਂ 8 ਜੁਲਾਈ 2026 ਤੱਕ ਆਯੋਜਿਤ ਕੀਤਾ, ਜਿਸ ਵਿਚ ਵੱਖ-ਵੱਖ ਗਰੁੱਪਾਂ ਦੇ ਐਨ. ਸੀ. ਸੀ. ਕੈਡਿਟਾਂ ਨੇ ਆਪਣੀਆਂ ਯੋਗਤਾਵਾਂ ਦਾ ਪ੍ਰਦਰਸ਼ਨ ਕੀਤਾ। ਐਸ. ਜੀ. ਟੀ. ਤਨੂ ਕੁਮਾਰੀ ਨੇ ਫਾਇਰਿੰਗ ਮੁਕਾਬਲੇ ਵਿਚ ਸ਼ਾਨਦਾਰ ਨਿਸ਼ਾਨੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਤਗਮਾ ਆਪਣੇ ਨਾਂਅ ਕੀਤਾ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਤਨੂ ਕੁਮਾਰੀ ਨੂੰ ਇਸ ਵਿਲੱਖਣ ਪ੍ਰਾਪਤੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤਨੂ ਦੀ ਸਫਲਤਾ ਉਸ ਦੀ ਮਿਹਨਤ, ਅਨੁਸ਼ਾਸਨ, ਲਗਨ ਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਐਨ. ਸੀ. ਸੀ. ਵਰਗੀਆਂ ਗਤੀਵਿਧੀਆਂ ਵਿਚ ਭਾਗ ਲੈ ਕੇ ਆਪਣੇ ਵਿਅਕਤੀਤਵ ਦਾ ਸਰਬਪੱਖੀ ਵਿਕਾਸ ਕਰਨ। ਡਾ. ਨੀਨਾ ਸੇਠ ਪਜਨੀ ਨੇ ਕੈਂਪ ਦੌਰਾਨ ਓਵਰਆਲ ਟਰਾਫ਼ੀ ਜਿੱਤਣ ਲਈ ਐਨ. ਸੀ. ਸੀ. ਗਰੁੱਪ, ਪਟਿਆਲਾ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਕੈਡਿਟਾਂ ਨੂੰ ਉੱਚ ਪੱਧਰੀ ਸਿਖਲਾਈ ਦੇਣ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਬਟਾਲੀਅਨ ਦੇ ਅਧਿਕਾਰੀਆਂ ਅਤੇ ਸਟਾਫ਼ ਦੇ ਸਮਰਪਿਤ ਯਤਨਾਂ ਦੀ ਵੀ ਭਰਪੂਰ ਸ਼ਲਾਘਾ ਕੀਤੀ। ਕਾਲਜ ਪ੍ਰਬੰਧਨ, ਐਨ. ਸੀ. ਸੀ. ਯੂਨਿਟ ਤੇ ਸਮੂਹ ਸਟਾਫ਼ ਨੇ ਐਸ. ਜੀ. ਟੀ. ਤਨੂ ਕੁਮਾਰੀ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਖ਼ੁਸ਼ੀ ਤੇ ਮਾਣ ਪ੍ਰਗਟ ਕਰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।