ਸ੍ਰੀ ਹਰਿਗੋਬਿੰਦਪੁਰ, 12 ਫਰਵਰੀ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਤੋਂ ਜਥੇਬੰਦੀ ਦੇ ਪ੍ਰਧਾਨ ਕੁਲਵੰਤ ਸਿੰਘ ਪਨੂੰ ਧੀਰੋਵਾਲ ਦੀ ਅਗਵਾਈ ਹੇਠ ਇੱਕਤਰ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਮੋਟਰਸਾਇਕਲ ਰੋਸ ਮਾਰਚ ਵੀ ਕੱਢਿਆ ਗਿਆ | ਇਸ ਸਮੇਂ ਜਾਣਕਾਰੀ ਦਿੰਦੇ ਪ੍ਰਧਾਨ ਕੁਲਵੰਤ ਸਿੰਘ ਪਨੂੰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕਾ ਰਾਸ਼ਟਰਪਤੀ ਟਰੰਪ ਵਲੋਂ ਦੇਸ਼ ਤੇ ਕਿਸਾਨ ਵਿਰੁੱਧ ਗੁਪਤ ਸਮਝੌਤਾ ਕੀਤਾ ਗਿਆ ਹੈ, ਜਿਸ ਨੂੰ ਅਜੇ ਤੱਕ ਜਨਤਕ ਨਹੀਂ ਕੀਤਾ ਜਾ ਰਿਹਾ ਹੈ, ਜਿਸ ਦਾ ਖ਼ੁਲਾਸਾ ਭਾਜਪਾ ਆਗੂ ਜਾਖੜ ਤੇ ਹੋਰ ਆਗੂਆਂ ਵਲੋਂ ਕੀਤਾ ਗਿਆ ਹੈ | ਇਸ ਦੇ ਵਿਰੋਧ 'ਚ ਆਵਾਜ਼ ਉਠਾਉਣਾ ਲਈ ਸੂਬਾ ਜਥੇਬੰਦੀ ਵਲੋਂ ਦਿੱਤੇ ਗਏ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਕਰੜੇ ਸ਼ਬਦਾਂ ਵਿਚ ਨਿੰਦਾ ਵੀ ਕਰਦੀ ਹੈ ਤੇ ਅੱਜ ਸਾਡੇ ਵਲੋਂ ਰੋਸ ਮਾਰਚ ਕਰਕੇ ਲੋਕਾਂ ਨੂੰ ਇਨ੍ਹਾਂ ਸਮਝੌਤਿਆਂ ਵਿਰੁੱਧ ਜਾਗਰੂਕ ਵੀ ਕੀਤਾ ਜਾ ਰਿਹਾ ਹੈ | ਇਸ ਸਮੇਂ ਕਿਸਾਨਾਂ ਵਲੋਂ ਕੱਢਿਆ ਗਿਆ, ਰੋਸ ਮਾਰਚ ਸ੍ਰੀ ਹਰਿਗੋਬਿੰਦਪੁਰ ਤੋਂ ਹੁੰਦਾ ਹੋਇਆ ਘੁਮਾਣ ਪੁੱਜ ਕੇ ਸਮਾਪਤ ਹੋਇਆ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਧੀਰੋਵਾਲ, ਜ਼ਿਲ੍ਹਾ ਖ਼ਜ਼ਾਨਚੀ ਮਾਸਟਰ ਦਵਿੰਦਰ ਸਿੰਘ ਢਪੱਈ, ਮੀਡੀਆ ਇੰਚਾਰਜ ਜਰਨੈਲ ਸਿੰਘ ਧਾਲੀਵਾਲ, ਸਲਾਹਕਾਰ ਮੁਖਤਾਰ ਸਿੰਘ ਬਰਿਆਰ, ਬਲਾਕ ਪ੍ਰਧਾਨ ਸੁਰਜੀਤ ਸਿੰਘ ਘੁਮਾਣ, ਬਲਾਕ ਪ੍ਰਧਾਨ ਜਰਮਨ ਸਿੰਘ, ਬਲਾਕ ਮੀਤ ਪ੍ਰਧਾਨ ਦਿਲਬਾਗ ਸਿੰਘ ਧਾਲੀਵਾਲ, ਸ਼ੀਤਲ ਸਿੰਘ, ਮੁਖਤਾਰ ਸਿੰਘ, ਬਲਾਕ ਪ੍ਰਧਾਨ ਗੁਰਮੇਜ ਸਿੰਘ ਚੀਮਾ ਖੁੱਡੀ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਟਨਾਣੀਵਾਲ, ਸ੍ਰੀ ਹਰਿਗੋਬਿੰਦਪੁਰ ਤੋਂ ਪ੍ਰਧਾਨ ਹਰਜਿੰਦਰ ਸਿੰਘ, ਮੀਡੀਆ ਇੰਚਾਰਜ ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ |