ਪਠਾਨਕੋਟ, 15 ਫਰਵਰੀ (ਵਿਨੋਦ)-ਟੈਂਕ ਚੌਕ ਨੇੜੇ ਨਹਿਰ ਦੇ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਹੜਕੰਪ ਮੱਚ ਗਿਆ | ਸਥਾਨਕ ਲੋਕਾਂ ਨੇ ਨਹਿਰ ਦੇ ਕੋਲ ਬੇਸੁੱਧ ਪਏ ਇਕ ਵਿਅਕਤੀ ਨੂੰ ਦੇਖਿਆ | ਨੇੜਿਓਾ ਜਾਂਚ ਕਰਨ 'ਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਇਹ ਇਕ ਲਾਸ਼ ਹੈ ਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਪੁਲਿਸ ਸਟੇਸ਼ਨ ਡਵੀਜ਼ਨ ਨੰਬਰ-1 ਦੇ ਇੰਚਾਰਜ ਮਨਦੀਪ ਸਲਗੋਤਰਾ ਆਪਣੀ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ | ਪੁਲਿਸ ਨੇ ਆਲੇ ਦੁਆਲੇ ਦੇ ਖੇਤਰ ਨੂੰ ਘੇਰ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ | ਮੁੱਢਲੀ ਜਾਂਚ 'ਚ ਸਰੀਰ 'ਤੇ ਕੋਈ ਸਪੱਸ਼ਟ ਸੱਟ ਦੇ ਨਿਸ਼ਾਨ ਨਹੀਂ ਮਿਲੇ, ਹਾਲਾਂਕਿ ਮੌਤ ਦਾ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ | ਮਿ੍ਤਕ ਦੀ ਪਹਿਚਾਣ ਅਜੇ ਤੱਕ ਸਥਾਪਤ ਨਹੀਂ ਹੋ ਸਕੀ ਹੈ | ਪੁਲਿਸ ਨੇ ਲਾਸ਼ ਦੀ ਤਲਾਸ਼ੀ ਲਈ ਪਰ ਕੋਈ ਪਛਾਣ ਜਾਂ ਦਸਤਾਵੇਜ਼ ਨਹੀਂ ਮਿਲੇ | ਸ਼ੱਕ ਹੈ ਕਿ ਲਾਸ਼ ਕੁਝ ਸਮੇਂ ਤੋਂ ਨਹਿਰ ਦੇ ਕੰਢੇ ਪਈ ਹੋ ਸਕਦੀ ਹੈ | ਮਿ੍ਤਕ ਬਾਰੇ ਕੋਈ ਸੁਰਾਗ ਲੱਭਣ ਲਈ ਨੇੜਲੇ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਭੇਜ ਦਿੱਤਾ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਹਰ ਪਹਿਲੂ 'ਤੇ ਵਿਚਾਰ ਕੀਤਾ ਜਾਵੇਗਾ | ਪੁਲਿਸ ਇਸ ਵੇਲੇ ਮਿ੍ਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਨੇੜਲੇ ਪੁਲਿਸ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਹੈ ਕਿ ਕਿਸੇ ਵੀ ਗੁੰਮਸ਼ੁਦਾ ਵਿਅਕਤੀ ਦੀ ਰਿਪੋਰਟ ਦੇ ਆਧਾਰ 'ਤੇ ਲਾਸ਼ ਦੀ ਪਛਾਣ ਕੀਤੀ ਜਾਵੇ |