ਕਾਦੀਆਂ, 28 ਫਰਵਰੀ (ਕੁਲਵਿੰਦਰ ਸਿੰਘ)-ਮੁਸਲਿਮ ਜਮਾਤ ਅਹਿਮਦੀਆ ਕਾਦੀਆਂ ਵਲੋਂ ਅੱਜ ਨੂਰ ਹਸਪਤਾਲ ਕਾਦੀਆਂ ਵਿਖੇ ਇਕ ਰੋਜ਼ਾ ਜਿਗਰ ਦੀ ਜਾਂਚ ਨਾਲ ਸੰਬੰਧਿਤ ਮੁਫ਼ਤ ਫਾਈਬਰੋ ਸਕੈਨ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ ਵਿਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਪਹੁੰਚ ਕਿ ਲਾਭ ਲਿਆ | ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਜਿਗਰ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕ ਕਰਨਾ, ਇਹੋ ਜਿਹੇ ਮਹਿੰਗੇ ਟੈਸਟ ਜੋ ਆਮ ਮਰੀਜ਼ਾਂ ਦੀ ਪਹੁੰਚ ਤੋਂ ਬਾਹਰ ਹਨ, ਉਨ੍ਹਾਂ ਨੂੰ ਮੁਫ਼ਤ ਸੁਵਿਧਾ ਪ੍ਰਦਾਨ ਕਰਨਾ ਤਾਂ ਜੋ ਲੋੜਵੰਦ ਮਰੀਜ਼ ਇਸ ਨਾਲ ਆਪਣੇ ਜਿਗਰ ਦੀ ਜਾਂਚ ਕਰਵਾ ਕੇ ਆਪਣਾ ਸਹੀ ਇਲਾਜ ਕਰਵਾ ਸਕਣ | ਅੱਜ ਇਸ ਫਾਈਬਰੋ ਸਕੈਨ ਰਾਹੀਂ ਵੱਡੀ ਗਿਣਤੀ 'ਚ ਜਿਗਰ ਦੇ ਮਰੀਜ਼ਾਂ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਜਾਂਚ ਕੀਤੀ ਗਈ | ਨੂਰ ਹਸਪਤਾਲ ਕਾਦੀਆਂ ਬਿਨ੍ਹਾਂ ਭੇਦਭਾਵ ਦੇ ਲੋਕਾਂ ਦੀ ਸੇਵਾ ਵਿਚ ਦਿਨ-ਰਾਤ ਸੇਵਾਵਾਂ ਨਿਭਾਅ ਰਿਹਾ ਹੈ, ਜੋ ਮੁਸਲਿਮ ਜਮਾਤ ਅਹਿਮਦੀਆ ਦੇ ਪ੍ਰਬੰਧਾਂ ਹੇਠ ਚੱਲ ਰਿਹਾ ਹੈ | ਮੁਸਲਿਮ ਜਮਾਤ ਅਹਿਮਦੀਆ ਵਲੋਂ ਪੂਰੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਲੋਕ ਭਲਾਈ ਦੇ ਕਾਰਜ ਵੱਡੇ ਪੱਧਰ 'ਤੇ ਕੀਤੇ ਜਾਂਦੇ ਹਨ ਤੇ ਮੁਫ਼ਤ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਵੀ ਸਮੇਂ-ਸਮੇਂ 'ਤੇ ਲਗਾਏ ਜਾਂਦੇ ਹਨ | ਇਸ ਮੌਕੇ ਨੂਰ ਹਸਪਤਾਲ ਕਾਦੀਆਂ ਦੇ ਪ੍ਰਬੰਧਕ ਤੇ ਸਮੂਹ ਸਟਾਫ਼ ਮੌਜ਼ੂਦ ਸੀ |