ਜੌੜਾ ਛੱਤਰਾਂ, 1 ਮਾਰਚ (ਪਰਮਜੀਤ ਸਿੰਘ ਘੁੰਮਣ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪਿੰਡ ਖੰਡਿਆਲਾ ਸੈਣੀਆਂ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਪੈਦਲ ਚੱਲ ਕੇ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਦੀ ਸੁਵਿਧਾ ਵਾਸਤੇ ਪਿੰਡ ਜੌੜਾ ਛੱਤਰਾਂ ਵਿਖੇ ਵਿਸ਼ਰਾਮ ਅਤੇ ਸੇਵਾ ਦੇ ਸਾਰੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਪੀ.ਏ. ਨੇ ਦੱਸਿਆ ਕਿ ਸੰਗਤਾਂ ਦੂਜੇ ਦਿਨ ਦੇ ਪੜਾਅ ਦੌਰਾਨ ਰਾਤ ਦਾ ਵਿਸ਼ਰਾਮ ਪਿੰਡ ਜੌੜਾ ਛੱਤਰਾਂ ਦੇ ਗੁਰਦੁਆਰਾ ਸਾਹਿਬ ਵਿਖੇ ਕਰਦੀਆਂ ਹਨ ਅਤੇ ਅਗਲੇ ਦਿਨ ਸਵੇਰੇ 4 ਵਜੇ ਅੰਮਿ੍ਤ ਵੇਲੇ ਡੇਰਾ ਬਾਬਾ ਨਾਨਕ ਲਈ ਚੋਲ੍ਹਾ ਸਾਹਿਬ ਦੇ ਦਰਸ਼ਨਾਂ ਲਈ ਚਾਲੇ ਪਾ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਸੰਗਤਾਂ ਦੇ ਰਹਿਣ-ਸਹਿਣ ਲਈ ਪੁਖ਼ਤਾ ਬੰਦੋਬਸਤ ਕੀਤਾ ਗਿਆ ਹੈ ਅਤੇ ਰਾਤ ਸਮੇਂ ਲੰਗਰ ਸਮੇਤ ਹਰ ਤਰ੍ਹਾਂ ਦੀਆਂ ਲੋੜੀਂਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ | ਇਸ ਤੋਂ ਇਲਾਵਾ ਰਾਤ ਦੇ ਦੀਵਾਨਾਂ ਲਈ ਵੱਖ-ਵੱਖ ਕੀਰਤਨੀ ਜਥੇ ਅਤੇ ਢਾਡੀਆਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇਗਾ | ਜਸਬੀਰ ਸਿੰਘ ਪੀ.ਏ. ਨੇ ਇਲਾਕੇ ਦੇ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਘਰੋਂ ਹੀ ਪ੍ਰੇਰਿਤ ਕਰਕੇ ਭੇਜਣ, ਹੁੱਲੜਬਾਜ਼ੀ ਤੋਂ ਗੁਰੇਜ਼ ਕਰਨ. ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਸੁਰੱਖਿਆ ਤੇ ਵਿਵਸਥਾ ਲਈ ਯੋਗ ਪ੍ਰਬੰਧ ਕੀਤੇ ਜਾਣ | ਇਸ ਮੌਕੇ ਉਨ੍ਹਾਂ ਨਾਲ ਹੋਰ ਪ੍ਰਬੰਧਕ ਪ੍ਰਭਜੀਤ ਸਿੰਘ ਅਤੇ ਸੇਵਕ ਸਿੰਘ ਵੀ ਹਾਜ਼ਰ ਸਨ |