ਗੁਰਦਾਸਪੁਰ, 1 ਮਾਰਚ (ਅਸ਼ੋਕ ਸ਼ਰਮਾ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਬਾਬਾ ਮਹਿੰਗਾ ਦੀ ਅਗਵਾਈ ਹੇਠ ਪੈਦਲ ਸੰਗ ਸ਼ੁਰੂ ਹੋਵੇਗਾ | ਇਸ ਪੈਦਲ ਸੰਗ ਦਾ 3 ਮਾਰਚ ਨੰੂ ਪੁਰਾਣਾ ਸ਼ਾਲਾ ਵਿਖੇ ਪਹੁੰਚਣ 'ਤੇ ਬੇਟ ਇਲਾਕੇ ਦੀਆਂ ਸੰਗਤਾਂ, ਸਮਾਜ ਸੇਵੀ ਜਥੇਬੰਦੀਆਂ ਤੇ ਸਕੂਲ ਸੰਸਥਾਵਾਂ ਦੇ ਮੁਖੀਆਂ ਭਰਵਾਂ ਸਵਾਗਤ ਕੀਤਾ ਜਾਵੇਗਾ | ਜਥੇਦਾਰ ਪਰਮਵੀਰ ਸਿੰਘ ਲਾਡੀ ਨੇ ਦੱਸਿਆ ਕਿ ਇਹ ਪੈਦਲ ਸੰਗ ਵੱਡੇ ਰੂਪ 'ਚ ਖੰਡਿਆਲਾ ਸੈਣੀਆਂ ਤੋਂ ਚੱਲ ਦੂਸਹਾ, ਮੁਕੇਰੀਆਂ, ਨੌਸ਼ਹਿਰਾ ਪੱਤਣ ਤੋਂ ਹੁੰਦਾ ਹੋਇਆ 3 ਮਾਰਚ ਨੰੂ ਵੱਡੀ ਸੰਗਤ ਦੇ ਕਾਫ਼ਲੇ ਰੂਪ ਵਿਚ ਸਵੇਰੇ 6 ਵਜੇ ਪੁਰਾਣਾ ਸ਼ਾਲਾ ਵਿਖੇ ਪਹੁੰਚੇਗਾ ਜਿੱਥੇ ਸਵਾਗਤ ਦੀਆਂ ਤਿਆਰੀਆਂ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਤੋਂ ਬਾਅਦ ਇਸ ਸੰਗ ਦਾ ਚਾਵਾ, ਨਵਾਂ ਨੌਸ਼ਹਿਰਾ, ਨਵਾਂ ਸ਼ਾਲਾ, ਪੁਲ ਤਿੱਬੜੀ, ਪੰਧੇਰ, ਭੁੱਲੇਚੱਕ ਕਾਲੋਨੀ ਤੇ ਪਾਹੜਾ ਦੀਆਂ ਸੰਗਤਾਂ ਵਲੋਂ ਵੀ ਭਰਵਾਂ ਸਵਾਗਤ ਕੀਤਾ ਜਾਵੇਗਾ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇਗਾ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਵਲੋਂ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਇਹ ਸੰਗ ਡੇਰਾ ਬਾਬਾ ਨਾਨਕ ਵਿਖੇ ਪਹੁੰਚ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰਦਾ ਹੈ |