ਸ੍ਰੀ ਹਰਿਗੋਬਿੰਦਪੁਰ, 30 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧਾਲੀਵਾਲ ਦੇ ਸਰਪੰਚ ਗੁਰਨਾਮ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੀ ਅਗਵਾਈ ਹੇਠ ਪਿੰਡ ਧਾਲੀਵਾਲ ਦੇ ਵਿਕਾਸ ਕਾਰਜ ਚੱਲ ਰਹੇ ਹਨ | ਸਰਪੰਚ ਗੁਰਨਾਮ ਸਿੰਘ ਨੇ ਕਿਹਾ ਕਿ ਜਦੋਂ ਦੀ ਪਿੰਡ ਵਾਸੀਆਂ ਨੇ ਮੈਨੂੰ ਸਰਪੰਚ ਦੀ ਜ਼ਿੰਮੇਵਾਰੀ ਸੌਂਪੀ ਹੈ, ਮੈਂ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਵਿਚ ਲੰਮੇ ਸਮੇਂ ਤੋਂ ਅਟਕੀਆਂ ਕੱਚੀਆਂ ਗਲੀਆਂ ਨੂੰ ਪੱਕੀਆਂ ਇੱਟਾਂ ਨਾਲ ਬਣਾਉਣ ਤੋਂ ਇਲਾਵਾ ਇੰਟਰਲਾਕ ਟਾਇਲ ਇੱਟਾਂ ਲਗਾ ਕੇ ਵੀ ਗਲੀਆਂ ਬਣਾਈਆਂ ਹਨ | ਇਸ ਤੋਂ ਇਲਾਵਾਂ ਪਿੰਡ ਦੀ ਨਵੀਂ ਆਬਾਦੀ ਵਿਚ ਪਾਣੀ ਦੀ ਨਿਕਾਸੀ ਲਈ ਸੀਵਰੇਜ਼ ਪਾਇਆ ਗਿਆ, ਪਿੰਡ ਵਿਚ ਸਥਿਤ ਪਾਣੀ ਵਾਲੀ ਟੈਂਕੀ ਦੇ ਵਿਹੜੇ 'ਚ ਫ਼ੱਲਦਾਰ ਤੇ ਛਾਂ ਵਾਲੇ ਬੂਟੇ ਲਗਾ ਕਿ ਬਾਗ ਲਗਾਇਆ ਗਿਆ ਹੈ | ਇਸ ਤੋਂ ਇਲਾਵਾ ਪਿੰਡ ਤੋਂ ਬਾਹਰ ਡੇਰੇ 'ਤੇ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਪੱਕੀ ਇੱਟ ਨਾਲ ਕੱਚੇ ਰਸਤੇ ਨੂੰ ਵੀ ਪੱਕੇ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੌਰਾਨ ਹਲਕਾ ਵਿਧਾਇਕ ਕੋਲੋਂ ਹੋਰ ਗ੍ਰਾਂਟ ਦੀ ਮੰਗ ਕਰ ਕੇ ਪਿੰਡ ਦੇ ਅਧੂਰੇ ਕੰਮ ਵੀ ਪੂਰੇ ਕੀਤੇ ਜਾਣਗੇ | ਇਸ ਸਮੇਂ ਪੰਚਾਇਤ ਮੈਂਬਰ ਨਵਨੀਤ ਕੌਰ, ਮੈਂਬਰ ਦਲਜੀਤ ਕੌਰ, ਮੈਂਬਰ ਬਲਵਿੰਦਰ ਕੌਰ, ਮੈਂਬਰ ਦਲਜੀਤ ਕੌਰ, ਮੈਂਬਰ ਤਰਸੇਮ ਸਿੰਘ, ਸਤਨਾਮ ਸਿੰਘ, ਗੁਰਦੀਪ ਸਿੰਘ, ਪਲਵਿੰਦਰ ਸਿੰਘ, ਮੰਗਲਜੀਤ ਸਿੰਘ ਆਦਿ ਹਾਜ਼ਰ ਸਨ |