ਬਟਾਲਾ, 30 ਅਪ੍ਰੈਲ (ਸਤਿੰਦਰ ਸਿੰਘ)-ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਬਦਲਦੇ ਮੌਸਮਾਂ ਦੀ ਮਾਰ ਹਰ ਵਾਰ ਕਿਸਾਨਾਂ ਦੇ ਲੱਖਾਂ ਸੁਪਨਿਆਂ ਨੂੰ ਖ਼ਤਮ ਕਰਦੀ ਹੈ ਤੇ ਪਹਿਲਾਂ ਤੋਂ ਆਰਥਿਕ ਤੰਗੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਗੁਰਵਿੰਦਰ ਸਿੰਘ ਘੁਮਾਣ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਨਾਕਾਫ਼ੀ ਪ੍ਰਬੰਧਾਂ ਦੇ ਚਲਦਿਆਂ ਹਰ ਵਾਰ ਕਣਕ ਦੀ ਪੱਕੀ ਫ਼ਸਲ ਅੱਗ ਦੀ ਭੇਟ ਚੜ੍ਹਦੀ ਹੈ | ਫ਼ਸਲ ਨਾ ਸਿਰਫ਼ ਅੱਗ ਨਾਲ ਮਚਦੀ ਹੈ, ਸਗੋਂ ਕਾਰਪੋਰੇਟ ਮੁਨਾਫ਼ੇ ਲਈ ਗੰਧਲੇ ਹੋ ਰਹੇ ਧਰਤੀ ਦੇ ਵਾਤਾਵਰਣ ਕਰ ਕੇ ਵੀ ਹਰ ਸਾਲ ਕਿਸਾਨਾਂ ਦੀ ਪੱਕੀ ਫ਼ਸਲ ਗੜੇ੍ਹਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਲੰਮੇ ਸਮੇ ਤੋਂ ਮੰਗ ਕਰ ਰਹੀਆਂ ਹਨ ਕਿ ਕਿਸਾਨਾਂ ਦੀ ਫ਼ਸਲ ਜਿੰਨਾ ਪੂਰਾ ਬੀਮਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਗੜ੍ਹੇਮਾਰੀ ਨਾਲ ਝੜੀ ਤੇ ਅੱਗ ਨਾਲ ਸੜੀ ਕਣਕ ਦਾ ਪੂਰਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ | ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪਹਿਲਾਂ ਕਣਕ ਦੀ ਖਰੀਦ ਬਹੁਤ ਮੁਸ਼ਕਿਲ ਨਾਲ ਸ਼ੁਰੂ ਹੋਈ ਹੈ ਤੇ ਹੁਣ ਮੰਡੀਆਂ ਵਿਚ ਚੁਕਾਈ ਬਿਲਕੁਲ ਨਹੀਂ ਹੋ ਰਹੀ | ਕਿਸਾਨ ਆਗੂ ਨੇ ਮੰਗ ਕੀਤੀ ਕਿ ਤੁਰੰਤ ਚੁਕਾਈ ਕਰਵਾਈ ਜਾਵੇ ਤੇ ਕਿਸਾਨਾਂ ਦੀ ਰਕਮ ਉਨ੍ਹਾਂ ਦੇ ਖਾਤਿਆਂ ਵਿਚ ਪਾਈ ਜਾਵੇ |