ਘੁਮਾਣ, 30 ਅਪ੍ਰੈਲ (ਬੰਮਰਾਹ)- ਸ਼੍ਰੀ ਹਰਗੋਬਿੰਦਪੁਰ ਦੀ ਸਿਰਮੌਰ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਿਚ ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਉਪ ਪਿ੍ੰਸੀਪਲ ਸ਼੍ਰੀਮਤੀ ਆਰਤੀ ਨੰਦਾ ਦੀ ਅਗਵਾਈ ਹੇਠ ਧਰਤੀ ਦੀ ਸੁਰੱਖਿਆ ਤੇ ਵਾਤਾਵਰਨ ਸੰਭਾਲ ਦੇ ਮਹੱਤਵ ਨੂੰ ਸਮਝਾਉਣ ਲਈ ਧਰਤੀ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਪਿ੍ੰਸੀਪਲ ਡਾ. ਮਨਦੀਪ ਕੌਰ ਤੇ ਸ਼੍ਰੀਮਤੀ ਆਰਤੀ ਨੰਦਾ ਦੇ ਸੰਬੋਧਨ ਨਾਲ ਹੋਈ | ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਰੱਖਿਆ ਕਰਨ ਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਕਿਹਾ ਕਿ ਸਾਡੀ ਧਰਤੀ ਸਾਡੀ ਜ਼ਿੰਮੇਵਾਰੀ ਹੈ ਅਤੇ ਇਸ ਨੂੰ ਬਚਾਉਣਾ ਹਰ ਇਕ ਦਾ ਫਰਜ਼ ਹੈ | ਸਕੂਲ ਦੇ ਨੰਨ੍ਹੇ-ਮੁੰਨ੍ਹੇ ਵਿਦਿਆਰਥੀਆਂ ਵਲੋਂ ਪ੍ਰਕਿਰਤੀ ਸੰਭਾਲ ਨਾਲ ਸੰਬੰਧਿਤ ਨਾਟਕ, ਭਾਸ਼ਣ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ | ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ, ਪਾਣੀ ਦੀ ਬਚਤ ਕਰਨ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ |