ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਅੰਦਰ ਪੈਂਦੀ ਜਵਾਲਾਪੁਰ ਜ਼ਮੀਨ ਬੇਚਰਾਗ ਤੇ ਦਰਿਆ ਬਿਆਸ ਮੰਡ 'ਚ ਮਾਈਨਿੰਗ ਦਾ ਧੰਦਾ ਜ਼ੋਰਾਂ 'ਤੇ ਚੱਲ ਰਿਹਾ ਹੈ | ਮਾਈਨਿੰਗ ਵਿਭਾਗ ਗੁਰਦਾਸਪੁਰ ਦੀ ਢਿੱਲੀ ਕਾਰਗੁਜਾਰੀ ਤੋਂ ਲੋਕ ਅਸੰਤੁਸ਼ਟੀ ਪ੍ਰਗਟ ਕਰ ਰਹੇ ਹਨ | ਇਸ ਸਬੰਧੀ ਪਿੰਡ ਨੌਸ਼ਹਿਰਾ, ਨਵਾਂ ਪਿੰਡ ਬਹਾਦਰ ਤੇ ਗਾਜ਼ੀਕੋਟ ਦੇ ਲੋਕਾਂ ਨੇ ਆਪਣੇ ਨਾਂਅ ਗੁਪਤ ਰੱਖਣ ਦੀ ਸ਼ਰਤ 'ਚ ਦੱਸਿਆ ਕਿ ਜ਼ਿਆਦਾਤਰ ਮਾਈਨਿੰਗ ਦਾ ਧੰਦਾ ਰਾਤ ਵੇਲੇ ਜੇ.ਸੀ.ਬੀ. ਮਸ਼ੀਨਾਂ ਲਗਾ ਕੇ ਹੋ ਰਿਹਾ ਹੈ ਤੇ ਰੋਜ਼ਾਨਾ ਪਿੰਡਾਂ ਵਿਚ ਸੈਂਕੜੇ ਮਿੱਟੀ ਦੀਆਂ ਭਰੀਆਂ ਟਰਾਲੀਆਂ ਤੇ ਟਿੱਪਰਾਂ ਲੰਘਦੀਆਂ ਹਨ | ਇਨ੍ਹਾਂ ਵਲੋਂ ਲੋਕਾਂ ਦਾ ਜੀਊਣਾ ਦੁੱਭਰ ਕੀਤਾ ਹੋਇਆ ਹੈ | ਜਿਹੜੀਆਂ ਵੀ ਨਵੀਆਂ ਸੜਕਾਂ ਬਣ ਰਹੀਆਂ ਹਨ, ਓਵਰਲੋਡ ਨਾਲ ਟੁੱਟ ਰਹੀਆਂ ਹਨ | ਇਸ ਨਾਲ ਪੰਜਾਬ ਸਰਕਾਰ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ | ਪਿੰਡਾਂ ਦੇ ਵਾਸੀਆਂ ਨੇ ਸਾਂਝੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਾਮਲਾ ਮਾਈਨਿੰਗ ਵਿਭਾਗ ਗੁਰਦਾਸਪੁਰ ਦੇ ਅਨੇਕਾਂ ਵਾਰ ਧਿਆਨ ਹਿੱਤ ਲਿਆਂਦਾ ਗਿਆ ਹੈ | ਵਿਭਾਗ ਸਿਰਫ ਖਾਨਾ ਪੂਰਤੀ ਹੀ ਕਰਦਾ ਹੈ | ਪਰ ਟਿੱਪਰਾਂ ਤੇ ਟਰਾਲੀਆਂ 'ਤੇ ਕਾਰਵਾਈ ਕਰਨ ਤੋਂ ਗੁਰੇਜ਼ ਕਰਦਾ ਹੈ | ਉਨ੍ਹਾਂ ਦੱਸਿਆ ਕਿ ਜਵਾਲਾਪੁਰ ਬੇਚਰਾਗ ਜ਼ਮੀਨ ਵਿਚ ਟੋਏ ਹੀ ਟੋਏ ਨਜ਼ਰ ਆਉਂਦੇ ਹਨ, ਜ਼ਮੀਨ ਦੀ ਸ਼ਕਲ ਵਿਗਾੜ ਕੇ ਰੱਖ ਦਿੱਤੀ ਹੈ | ਜਦੋਂ ਭਾਰੀ ਮੀਂਹ ਪਵੇ ਤਾਂ ਇਹ ਟੋਏੇ ਪਾਣੀ ਨਾਲ ਭਰ ਜਾਂਦੇ ਹਨ, ਜੋ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਕਰਦੇ ਹਨ | ਉਨ੍ਹਾਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਹੈ ਕਿ ਉਕਤ ਜ਼ਮੀਨ ਵਿਚ ਹੋ ਰਹੀ ਨਜਾਇਜ਼ ਮਾਈਨਿੰਗ ਫੌਰੀ ਤੌਰ 'ਤੇ ਬੰਦ ਕਰਵਾਉਣ ਲਈ ਮਾਈਨਿੰਗ ਵਿਭਾਗ ਨੰੂ ਸਖ਼ਤ ਤੋਂ ਸਖ਼ਤ ਨਿਰਦੇਸ਼ ਦਿੱਤੇ ਜਾਣ |