ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਬੇਟ ਇਲਾਕੇ ਅੰਦਰ ਲਵਾਰਸ ਕੁੱਤਿਆਂ ਦੀ ਭਰਮਾਰ ਨਾਲ ਜਿੱਥੇ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਹੈ | ਉੱਥੇ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਝਿਜਕ ਰਹੇ ਹਨ | ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ, ਪੁਸ਼ਪਿੰਦਰ ਸਿੰਘ ਕਾਟਲ, ਪ੍ਰਭਾਤ ਸਿੰਘ, ਬਲਦੇਵ ਸਿੰਘ ਸਾਬਕਾ ਸਰਪੰਚ, ਸਾਬਕਾ ਸਰਪੰਚ ਪ੍ਰੇਮ ਲਾਲ ਅਤੇ ਠਾਕੁਰ ਅਸ਼ਵਨੀ ਸਿੰਘ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਗੁਰਦਾਸਪੁਰ ਤੇ ਤਿੱਬੜੀ ਕੈਂਟ ਦੇ ਪਿੰਡਾਂ ਅੰਦਰ ਲਵਾਰਸ ਕੁੱਤਿਆਂ ਦੀ ਗਿਣਤੀ ਦਾ ਅਥਾਹ ਵਾਧਾ ਹੋਇਆ ਹੈ ਤੇ ਇਹ ਕੁੱਤੇ ਸਵੇਰੇ ਸ਼ਾਮ ਝੁੰਡ ਬਣਾ ਕੇ ਸੜਕਾਂ 'ਤੇ ਖੜੋ ਜਾਂਦੇ ਹਨ ਤੇ ਰਾਹਗੀਰ ਕਈ ਵਾਰ ਇਨ੍ਹਾਂ ਨੰੂ ਦੇਖ ਕੇ ਰੁਕ ਵੀ ਜਾਂਦੇ ਹਨ, ਜਦੋਂ ਤੱਕ ਲਵਾਰਸ ਕੁੱਤੇ ਆਪਣਾ ਰੁੱਖ ਨਹੀਂ ਬਦਲਦੇ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਕੁੱਤੇ ਤਿੱਬੜੀ ਕੈਂਟ ਵਿਚ ਹਨ | ਕਈ ਵਾਰ ਤਿੱਬੜੀ ਕੈਂਟ ਸਟੇਸ਼ਨ ਦੇ ਕਰਮਚਾਰੀ ਇਨ੍ਹਾਂ ਕੁੱਤਿਆਂ ਨੰੂ ਫੜ ਕੇ ਗੁਰਦਾਸਪੁਰ ਜਾਂ ਦਰਿਆ ਬਿਆਸ ਵੱਲ ਸੁੱਟ ਦਿੰਦੇ ਹਨ | ਉਹ ਫਿਰ ਦੁਬਾਰਾ ਤਿੱਬੜੀ ਕੈਂਟ ਦੇ ਪਿੰਡਾਂ 'ਚ ਦਾਖ਼ਲ ਹੋ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਕੁੱਤਿਆਂ ਨੰੂ ਜ਼ਹਿਰੀਲਾ ਸੱਪ ਜਾਂ ਜਾਨਵਰ ਖਾ ਕੇ ਹਲਕਾਅ ਵੀ ਹੋ ਜਾਂਦਾ ਹੈ ਤੇ ਰਾਹਗੀਰਾਂ ਨੰੂ ਕੱਟ ਦਿੰਦੇ ਹਨ | ਇਸ ਨਾਲ ਲੋਕਾਂ ਨੰੂ ਕਾਫ਼ੀ ਮੁਸ਼ਕਿਲਾਂ ਦੇ ਨਾਲ ਮਹਿੰਗੇ ਭਾਅ ਦਾ ਬਾਹਰੋਂ ਇਲਾਜ ਕਰਵਾਉਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਤੇ ਕਈ ਵਾਰ ਸਰਕਾਰੀ ਹਸਪਤਾਲ ਵਿਚ ਹਲਕਾਅ ਦੇ ਸਮੇਂ ਸਿਰ ਟੀਕੇ ਵੀ ਨਹੀਂ ਮਿਲਦੇ ਹਨ | ਉਨ੍ਹਾਂ ਦੱਸਿਆ ਕਿ ਇਹ ਲਵਾਰਸ ਕੁੱਤਿਆਂ ਦਾ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਕੋਲ ਵੀ ਉਠਾਇਆ ਗਿਆ ਹੈ | ਪੇਂਡੂ ਅਤੇ ਸ਼ਹਿਰੀ ਖੇਤਰ ਅੰਦਰ ਕੋਈ ਵੀ ਹੱਲ ਨਹੀਂ ਹੋ ਰਿਹਾ | ਉਨ੍ਹਾਂ ਦੱਸਿਆ ਕਿ ਲਾਵਾਰਸ ਕੁੱਤਿਆਂ ਨੰੂ ਕਾਬੂ ਕਰਨ ਵਾਸਤੇ ਮਾਨਯੋਗ ਚੰਡੀਗੜ੍ਹ ਹਰਿਆਣਾ ਹਾਈਕੋਰਟ ਨੇ ਸਿਹਤ ਵਿਭਾਗ ਨੰੂ ਸਖ਼ਤ ਨਿਰਦੇਸ਼ ਵੀ ਦਿੱਤੇ ਹੋਏ ਹਨ | ਮਹਿਕਮਾ ਫਿਰ ਵੀ ਲਾਪ੍ਰਵਾਹੀ ਵਰਤ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਸ਼ਹਿਰ ਤੇ ਪੇਂਡੂ ਖੇਤਰ ਅੰਦਰ ਅਵਾਰਾ ਕੁੱਤਿਆਂ ਨੰੂ ਕਾਬੂ ਕਰਨ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਨੰੂ ਵਿਸ਼ੇਸ਼ ਮੁਹਿੰਮ ਨੰੂ ਚਲਾਉਣ ਦੀ ਲੋੜ ਹੈ | ਜਿਸ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਸਕੇ |
ਗੁਰਦਾਸਪੁਰ ਸ਼ਹਿਰ ਤੇ ਪੇਂਡੂ ਖੇਤਰ 'ਚ ਲਾਵਾਰਸ ਕੁੱਤਿਆਂ ਨਾਲ ਦਹਿਸ਼ਤ ਦਾ ਮਾਹੌਲ
ਅਜੀਤ ਡੈਸਕ
18-05-2026