ਘੁਮਾਣ, 17 ਮਈ (ਬੰਮਰਾਹ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੀ ਨਾਮੀ ਸਿੱਖਿਆ ਸੰਸਥਾ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਵਲੋਂ ਸਿੱਖਿਆ ਦੇ ਖੇਤਰ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਜਾ ਰਹੀਆਂ ਹਨ | ਚੀਮਾ ਪਬਲਿਕ ਸਕੂਲ ਕਿਸ਼ਨਕੋਟ 'ਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਉਤਸ਼ਾਹ ਤੇ ਸਾਕਾਰਾਤਮਕ ਸੋਚ ਨਾਲ ਕੀਤੀ ਗਈ | ਚੇਅਰਮੈਨ ਅਮਰਿੰਦਰ ਸਿੰਘ ਅੰਮੂ ਚੀਮਾ ਦੀ ਅਗਵਾਈ 'ਚ ਚੱਲ ਰਹੀ ਇਸ ਸੰਸਥਾ ਨੇ ਪੱਛੜੇ ਇਲਾਕੇ 'ਚ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਨੇਕਾਂ ਕਾਰਜ ਕੀਤੇ ਹਨ, ਜਿਸ ਦੇ ਨਤੀਜੇ ਪਿਛਲੇ ਕਈ ਸਾਲਾਂ ਤੋਂ ਦੇਖਣ ਨੂੰ ਮਿਲ ਰਹੇ ਹਨ | ਸਕੂਲ 'ਚੋਂ ਪੜ੍ਹੇ ਵਿਦਿਆਰਥੀ ਉੱਚ ਮੁਕਾਮ 'ਤੇ ਪੁੱਜ ਕੇ ਜਿੱਥੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ, ਉੱਥੇ ਸਕੂਲ ਤੇ ਇਲਾਕੇ ਦਾ ਨਾਂਅ ਵੀ ਰੌਸ਼ਨ ਕਰ ਚੁੱਕੇ ਹਨ | ਸਕੂਲ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਸੀ.ਬੀ.ਐੱਸ.ਈ. ਵਲੋਂ ਇਸ ਸਾਲ ਸਿੱਖਿਆ ਦੇ ਖੇਤਰ 'ਚ ਕੀਤੀਆਂ ਗਈਆਂ ਨਵੀਆਂ ਤਬਦੀਲੀਆਂ ਸਮੇਂ ਦੀ ਸਭ ਤੋਂ ਵੱਡੀ ਲੋੜ ਸੀ ਤੇ ਇਹ ਵਿਦਿਆਰਥੀਆਂ ਦੇ ਸਿੱਖਿਆ ਵਿਕਾਸ ਲਈ ਇਕ ਮਹੱਤਵਪੂਰਨ ਕਦਮ ਹਨ | ਉਨ੍ਹਾਂ ਕਿਹਾ ਕਿ 6ਵੀਂ ਜਮਾਤ ਤੋਂ ਸ਼ੁਰੂ ਕੀਤਾ ਗਿਆ 'ਕੌਸ਼ਲ ਬੋਧ' ਤੇ ਸਕੂਲ ਐਜੂਕੇਸ਼ਨ ਪ੍ਰੋਗਰਾਮ ਵਿਦਿਆਰਥੀਆਂ ਨੂੰ ਪ੍ਰਯੋਗਿਕ ਗਿਆਨ ਨਾਲ ਜੋੜੇਗਾ ਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰੇਗਾ | ਇਸ ਦੇ ਨਾਲ ਹੀ ਸੀ.ਬੀ.ਐੱਸ.ਈ. ਵਲੋਂ ਰਿਵਾਈਜ਼ਡ ਕੀਤਾ ਗਿਆ ਸਿਲੇਬਸ ਵੀ ਸਮੇਂ ਦੀ ਮੰਗ ਸੀ, ਜਿਸ ਨਾਲ ਬੱਚਿਆਂ ਵਿਚ ਰਚਨਾਤਮਕਤਾ, ਸਮਝ ਅਤੇ ਵਿਵਹਾਰਿਕ ਸਿੱਖਿਆ ਨੂੰ ਹੋਰ ਮਜ਼ਬੂਤੀ ਮਿਲੇਗੀ | ਅਮਰਿੰਦਰ ਸਿੰਘ ਚੀਮਾ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਕੂਲ ਦੀ 10ਵੀਂ ਅਤੇ +2 ਦਾ ਨਤੀਜਾ ਇਸ ਵਾਰ ਸ਼ਾਨਦਾਰ ਰਿਹਾ ਹੈ, ਜਿਸ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ, ਮਾਪਿਆਂ ਦੇ ਸਹਿਯੋਗ ਤੇ ਅਧਿਆਪਕਾਂ ਦੀ ਸਮਰਪਿਤ ਸੇਵਾ ਨੂੰ ਜਾਂਦਾ ਹੈ |