ਗੁਰਦਾਸਪੁਰ, 17 ਮਈ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅੰਦਰ ਪੈਂਦੇ ਉੱਤਰੀ ਭਾਰਤ ਦੇ ਪ੍ਰਸਿੱਧ ਪੰਡੋਰੀ ਧਾਮ ਵਿਖੇ ਮਹੰਤ ਰਘੁਵੀਰ ਦਾਸ ਮਹਾਰਾਜ ਦੇ ਅਸ਼ੀਰਵਾਦ ਨਾਲ ਸ੍ਰੀ ਪੰਡੋਰੀ ਧਾਮ ਵਿਖੇ ਵਿਸ਼ਾਲ ਮੈਗਾ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ | ਮਹੰਤ ਰਘੁਵੀਰ ਦਾਸ ਮਹਾਰਾਜ ਵਲੋਂ ਮਾਨਵ ਕਲਿਆਣ ਦੇ ਕੰਮ ਲਗਾਤਾਰ ਨਿਰੰਤਰ ਕੀਤੇ ਜਾ ਰਹੇ ਹਨ | ਇਸੇ ਕੜੀ ਤਹਿਤ ਮੈਡੀਕਲ ਮੈਗਾ ਕੈਂਪ 'ਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ | ਇਹ ਮੈਡੀਕਲ ਕੈਂਪ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ ਤੇ ਇਸ 'ਚ ਵਿਸ਼ੇਸ਼ ਡਾਕਟਰਾਂ ਦੀ ਟੀਮ ਨੇ 550 ਮਰੀਜ਼ਾਂ ਦਾ ਨਿਰੀਖਣ ਕੀਤਾ | ਖਾਸ ਕਰਕੇ ਹੱਡੀਆਂ ਦੇ ਜੋੜਾਂ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਕੀਤੀ | ਜਦੋਂ ਕਿ ਜ਼ਰੂਰਤਮੰਦ ਮਰੀਜ਼ਾਂ ਨੰੂ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਮਹੰਤ ਰਘੁਬੀਰ ਦਾਸ ਨੇ ਇਸ ਮੌਕੇ ਕਿਹਾ ਕਿ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ | ਕੈਂਪ 'ਚ ਪੁੱਜੇ ਡਾਕਟਰਾਂ ਨੇ ਦੱਸਿਆ ਕਿ ਹੱਡੀਆਂ ਦੀ ਦੇਖਭਾਲ ਵਾਸਤੇ ਸਾਫ ਸੁਥਰਾ ਭੋਜਨ ਸਿਹਤ ਲਈ ਲਾਭਦਾਇਕ ਹੈ ਤੇ ਲੋਕਾਂ ਨੰੂ ਇਸ ਸਬੰਧੀ ਪ੍ਰੇਰਿਤ ਵੀ ਕੀਤਾ ਗਿਆ | ਪੰਡੋਰੀ ਧਾਮ ਦੇ ਸੇਵਾਦਾਰਾਂ ਨੇ ਹਸਪਤਾਲ ਦੀ ਟੀਮ ਦਾ ਵਿਸ਼ੇਸ਼ ਤੌਰ 'ਤੇ ਸਹਿਯੋਗ ਕੀਤਾ |