ਕਾਹਨੂੰਵਾਨ/ਘੱਲੂਘਾਰਾ ਸਾਹਿਬ,17 ਮਈ (ਨਿਸ਼ਾਨ ਸਿੰਘ ਚਾਹਲ, ਪਰਮ ਮਨਹਾਸ)-ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਛੋਟਾ ਘੱਲੂਘਾਰਾ ਸਮਾਰਕ, ਕਾਹਨੂੰਵਾਨ ਛੰਬ ਵਿਖੇ 17 ਮਈ 1746 ਨੂੰ ਯੁੱਧ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਸਿੰਘਾਂ-ਸਿੰਘਣੀਆਂ ਤੇ ਯੋਧਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਗਿਆ | ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਹੈਰੀਟੇਜ ਗੁਰਦਾਸਪੁਰ ਦੇ ਚੇਅਰਮੈਨ ਆਦਿਤਿਆ ਉੱਪਲ ਦੀ ਅਗਵਾਈ ਵਿਚ ਕਰਵਾਏ ਸ਼ਹੀਦੀ ਸਮਾਗਮ ਵਿਚ ਸ਼ਹੀਦਾਂ ਨੂੰ ਯਾਦ ਕੀਤਾ ਗਿਆ | ਸਵੇਰੇ 10 ਵਜੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਛੰਭ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਉਪਰੰਤ ਰਾਗੀ ਸਿੰਘਾਂ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ | ਇਸ ਮੌਕੇ ਹਲਕਾ ਇੰਚਾਰਜ ਕਾਦੀਆਂ ਐਡਵੋਕੈਟ ਜਗਰੂਪ ਸਿੰਘ ਸੇਖਵਾਂ, ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜ), ਤੇਜਿੰਦਰਪਾਲ ਸਿੰਘ ਸੰਧੂ, ਜਨਰਲ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ (ਸਾਬਕਾ ਵਧੀਕ ਡਿਪਟੀ ਕਮਿਸਨਰ ਗੁਰਦਾਸਪੁਰ) ਤੇ ਸੰਗਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ | ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਨ ਕਰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਅੱਜ ਉਹ ਸ਼ਹੀਦਾਂ ਦੀ ਧਰਤੀ ਛੋਟਾ ਘੱਲੂਘਾਰਾ ਸਮਾਰਕ ਵਿਖੇ ਆਏ ਹਨ ਅਤੇ ਸ਼ਹੀਦਾਂ ਨੂੰ ਯਾਦ ਕਰਨ ਦਾ ਸੁਭਾਗ ਮਿਲਿਆ ਹੈ | ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਜਥੇਦਾਰ ਸੇਵਾ ਸਿੰਘ ਸੇਖਵਾਂ ਵਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਦੇ ਨਿਰਮਾਣ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ | ਇਸ ਤੋਂ ਪਹਿਲਾਂ ਤੇਜਿੰਦਰਪਾਲ ਸਿੰਘ ਸੰਧੂ ਨੇ ਸਮੂਹ ਸੰਗਤਾਂ ਨੂੰ ਜੀ ਆਇਆ ਆਖਿਆ ਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ | ਇਸ ਮੌਕੇ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਚੇਅਰਮੈਨ ਜਸਪਾਲ ਸਿੰਘ, ਸਮਾਜ ਸੇਵੀ ਨੀਰਜ ਮਹਾਜਨ ਧਾਰੀਵਾਲ, ਡਾ. ਬਲਬੀਰ ਸਿੰਘ ਭੌਰ ਅਕਾਲ ਹਸਪਤਾਲ ਦੇ ਮਾਲਕ, ਐਕਸੀਅਨ ਨਿਰਮਲ ਸਿੰਘ, ਨਰਿੰਦਰ ਸਿੰਘ ਜਲੰਧਰ, ਰਛਪਾਲ ਸਿੰਘ ਗੰਨੋਪੁਰ, ਹਰਮਨਜੋਤ ਸਿੰਘ, ਹਰਜਿੰਦਰ ਸਿੰਘ, ਪ੍ਰਵੀਨ ਸਿੰਘ ਬਟਾਲਾ, ਪ੍ਰੀਤਮ ਸਿੰਘ ਜੇ.ਈ. ਸਕੱਤਰ, ਹਰਮਨਜੀਤ ਸਿੰਘ ਜੁਆਇੰਟ ਸਕੱਤਰ, ਮਨਦੀਪ ਕੌਰ ਅਤੇ ਛੋਟਾ ਘੱਲੂਘਾਰਾ ਛੰਬ ਕਾਹਨੂੰਵਾਨ ਸਮਾਰਕ ਦੇ ਇੰਚਾਰਜ ਦਮਨਜੀਤ ਸਿੰਘ ਆਦਿ ਮੋਜੂਦ ਸਨ |