03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਮੋਦੀ ਸਰਕਾਰ ਲੋਕਾਂ 'ਤੇ ਕਿਸੇ ਵਕਤ ਵੀ ਪਾ ਸਕਦੀ ਹੈ ਮਹਿੰਗਾਈ ਦਾ ਨਵਾਂ ਬੋਝ-ਮੰਗਤ ਰਾਮ ਪਾਸਲਾ

ਅਜੀਤ ਡੈਸਕ 18-05-2026
ਗੁਰਦਾਸਪੁਰ 17 ਮਈ 2026 (ਚੱਕਰਾਜਾ)-ਮੋਦੀ ਸਰਕਾਰ ਲੋਕਾਂ 'ਤੇ ਕਿਸੇ ਵਕਤ ਵੀ ਮਹਿੰਗਾਈ ਦਾ ਨਵਾਂ ਬੋਝ ਪਾ ਸਕਦੀ ਹੈ | ਪੈਟਰੋਲ, ਡੀਜ਼ਲ, ਸੀ.ਐਨ.ਜੀ. ਤੇ ਗੈਸ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਸਾਬਤ ਕਰ ਦਿੱਤਾ ਕਿ ਮੋਦੀ ਦੀ ਅਗਵਾਈ ਹੇਠ ਭਾਜਪਾ ਸਰਕਾਰ ਲੋਕਾਂ ਦਾ ਭਲਾ ਨਹੀਂ ਕਰ ਸਕਦੀ, ਤੇਲ ਕੀਮਤਾਂ ਦੇ ਵਾਧੇ ਨਾਲ ਰਸੋਈ ਸਮੇਤ ਹਰੇਕ ਵਰਤੋਂ 'ਚ ਆਉਣ ਵਾਲੀਆਂ ਸਾਰੀਆਂ ਵਸਤੂਆਂ ਦੇ ਰੇਟ ਵੀ ਵੱਧ ਗਏ ਹਨ, ਪੈਟਰੋਲੀਅਮ ਤੇ ਗੈਸ ਕੀਮਤਾਂ ਨੇ ਇੱਥੇ ਨਹੀਂ ਰੁਕਣਾ, ਬੜੀ ਰਫ਼ਤਾਰ ਨਾਲ ਹੋਰ ਵਧਣਾ ਹੈ | ਉਪਰੋਕਤ ਵਿਚਾਰ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰੈਸ ਬਿਆਨ ਵਿਚ ਕਿਹਾ ਕਿ ਮੋਦੀ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਕਰਕੇ ਮਹਿੰਗਾਈ ਤੇ ਬੇਰੁਜ਼ਗਾਰੀ ਦੀ ਮਾਰ ਸਾਰੇ ਧਰਮਾਂ ਦੇ ਗ਼ਰੀਬ ਲੋਕ ਬਰਾਬਰ ਝੱਲ ਰਹੇ ਹਨ | ਪ੍ਰਧਾਨ ਮੰਤਰੀ ਮੋਦੀ ਦੇਸ਼ ਵਾਸੀਆਂ ਨੂੰ ਸੋਨਾ ਨਾ ਖ਼ਰੀਦਣ, ਡੀਜ਼ਲ, ਪੈਟਰੋਲ, ਗੈਸ ਤੇ ਰਸੋਈ ਤੇਲ ਘੱਟ ਵਰਤਣ ਤੇ ਖੇਤੀ ਖੇਤਰ ਵਿਚ ਖਾਦ ਦੀ ਵਰਤੋਂ ਸੰਜਮ ਨਾਲ ਕਰੋ ਦੇ ਸੰਦੇਸ਼ ਦੇ ਰਹੇ ਹਨ | ਸੋਨੇ ਦਾ ਕਾਰੋਬਾਰ ਕਰਨ ਵਾਲੇ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ, ਗੈਸ ਸਿਲੰਡਰ ਲੈਣ ਲਈ ਲੋਕ ਖੱਜਲ ਹੋ ਰਹੇ ਹਨ ਤੇ ਖਾਦ ਦੀ ਬਲੈਕ ਮਾਰਕੀਟ ਸ਼ੁਰੂਆਤ ਹੋ ਗਈ ਹੈ | ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ ਨੇ ਦੱਸਿਆ ਕਿ ਆਰ.ਐਮ.ਪੀ.ਆਈ. ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੱਦੇ ਤਹਿਤ ਜ਼ਿਲ੍ਹਾ ਕਮੇਟੀ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ 18 ਮਈ ਨੂੰ ਗੁਰਦਾਸਪੁਰ, ਪਠਾਨਕੋਟ, ਬਟਾਲਾ ਤੇ ਕਲਾਨੌਰ ਸਮੇਤ ਹੋਰ ਥਾਵਾਂ 'ਤੇ ਰੋਸ ਪ੍ਰਦਰਸ਼ਨ ਕਰਕੇ ਕੇਂਦਰ ਤੇ ਪੰਜਾਬ 'ਚ ਮੌਜੂਦਾ ਹਾਕਮ ਪਾਰਟੀਆਂ ਦੀ ਲੋਕ ਵਿਰੋਧੀ ਤੇ ਦੇਸ਼ ਵਿਰੋਧੀ ਨੀਤੀਆਂ ਨੂੰ ਲੋਕਾਂ ਵਿਚ ਦੱਸਿਆ ਜਾਵੇਗਾ ਅਤੇ 19 ਮਈ ਤੋਂ 28 ਮਈ ਤੱਕ ਪਿੰਡਾਂ ਤੇ ਸ਼ਹਿਰਾਂ ਵਿਚ ਪਬਲਿਕ ਮੀਟਿੰਗਾਂ ਦਾ ਪ੍ਰੋਗਰਾਮ ਉਲੀਕਿਆ ਹੈ | ਜ਼ਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕਾਮਰੇਡ ਗੁਰਦਰਸ਼ਨ ਸਿੰਘ ਬੀਕਾ, ਧਿਆਨ ਸਿੰਘ ਠਾਕੁਰ, ਮੱਖਣ ਕੁਹਾੜ, ਹਰਿੰਦਰ ਸਿੰਘ ਰੰਧਾਵਾ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਅਬਿਨਾਸ਼ ਸਿੰਘ, ਹਰਜੀਤ ਸਿੰਘ ਕਲਾਨੌਰ, ਅਜੀਤ ਸਿੰਘ ਹੁੰਦਲ, ਬਲਵੰਤ ਸਿੰਘ ਘੋਹ, ਬਲਕਾਰ ਚੰਦ ਭਰਿਆਲ ਲਾਹੜੀ ਅਤੇ ਹੋਰ ਸਾਥੀ ਹਾਜ਼ਰ ਸਨ |
ਪਿਛਲੀ ਖ਼ਬਰ ਹਲਕਾ ਡੇਰਾ ਬਾਬਾ ਨਾਨਕ 'ਚ ਇਸ ਹਫ਼ਤੇ ਸ਼ੁਰੂ ਹੋਵੇਗੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ-ਬਾਠ ਝੰਗੀ ਅਗਲੀ ਖ਼ਬਰ ਗੁਰੂ ਨਾਨਕ ਹਾਈ ਸਕੂਲ ਸਤਕੋਹਾ ਦੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।