ਕਲਾਨੌਰ, 17 ਮਈ (ਪੁਰੇਵਾਲ)-ਆਨਲਾਇਨ ਦਵਾਈਆਂ ਦੀ ਵਿਕਰੀ ਦੇ ਰੋਸ ਵਜੋਂ ਕੈਮਿਸਟਾਂ ਵਲੋਂ ਸ਼ੁਰੂ ਕੀਤੇ ਗਏ ਦੇਸ਼ ਵਿਆਪੀ ਰੋਸ ਪ੍ਰਦਰਸ਼ਨ ਤਹਿਤ ਗੁਰਦਾਸਪੁਰ ਕੈਮਿਸਟ ਐਸੋਸੀਏਸ਼ਨ ਦੇ ਸੱਦੇ 'ਤੇ ਕਲਾਨੌਰ ਦੇ ਕੈਮਿਸਟ ਵੀ 20 ਮਈ ਨੂੰ ਦਵਾਈਆਂ ਦੀਆਂ ਦੁਕਾਨਾਂ ਬੰਦ ਰੱਖ ਕੇ ਰੋਸ ਪ੍ਰਰਦਸ਼ਨ ਕਰਨਗੇ | ਜਾਣਕਾਰੀ ਸਾਂਝੀ ਕਰਦਿਆਂ ਕਲਾਨੌਰ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਆਲ ਇੰਡੀਆ ਕੈਮਿਸਟ ਐਸੋਸੀਏਸ਼ਨ ਦੀਆਂ ਹਦਾਇਤਾਂ 'ਤੇ 20 ਮਈ ਨੂੰ ਦੁਕਾਨਾਂ ਬੰਦ ਰੱਖ ਕੇ ਗੁਰਦਾਸਪੁਰ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਹੜਤਾਲ ਮੁੱਖ ਤੌਰ 'ਤੇ ਆਨਲਾਈਨ ਦਵਾਈਆਂ ਦੀ ਵਿਕਰੀ ਦੇ ਵਿਰੋਧ 'ਚ ਕੀਤੀ ਜਾ ਰਹੀ ਹੈ, ਜਿਸ ਨਾਲ ਰਵਾਇਤੀ ਕੈਮਿਸਟਾਂ ਦੇ ਕਾਰੋਬਾਰ 'ਤੇ ਮਾਰੂ ਅਸਰ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੇਕਰ ਆਨਲਾਈਨ ਦਵਾਈਆਂ ਦੀ ਵਿਕਰੀ ਬੰਦ ਨਾਂ ਹੋਈ ਤਾਂ ਕੈਮਿਸਟਾਂ ਦਾ ਕਾਰੋਬਾਰ ਪ੍ਰਭਾਵਿਤ ਹੋਵੇਗਾ ਤੇ ਇਸ ਪ੍ਰਚਲਣ ਨੂੰ ਰੋਕਣ ਲਈ ਸੰਘਰਸ਼ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਕਲਾਨੌਰ ਅਤੇ ਆਲੇ-ਦੁਆਲੇ ਦੇ ਸਾਰੇ ਪਿੰਡਾਂ ਦੇ ਸਮੂਹ ਕੈਮਿਸਟ 20 ਮਈ ਨੂੰ ਆਪਣੇ ਮੈਡੀਕਲ ਸਟੋਰ ਰੋਸ ਵਜੋਂ ਬੰਦ ਰੱਖ ਕੇ ਹੜਤਾਲ 'ਚ ਸ਼ਾਮਲ ਹੋਣਗੇ | ਇਸ ਮੌਕੇ ਕੈਮਿਸਟ ਰਾਜ ਕੁਮਾਰ ਸ਼ਰਮਾ ਸਰਪ੍ਰਸਤ, ਜਨਰਲ ਸਕੱਤਰ ਰਾਜੇਸ਼ ਕੁਮਾਰ ਹੈਪੀ, ਵਿਕਾਸ ਵਿੱਗ ਖ਼ਜ਼ਾਨਚੀ, ਰਾਜੀਵ ਕੁਮਾਰ ਸ਼ਰਮਾ, ਤਰਸੇਮ ਸਿੰਘ ਠਾਕੁਰ, ਗੁਰਦੇਵ ਸਿੰਘ ਪ੍ਰੈਸ ਸਕੱਤਰ, ਰਣਬੀਰ ਸਿੰਘ ਆਦਿ ਵੀ ਹਾਜ਼ਰ ਰਹੇ |