ਪਠਾਨਕੋਟ, 17 ਮਈ (ਸੰਧੂ)-ਪਠਾਨਕੋਟ ਕੈਂਟ ਰੇਲਵੇ ਸਟੇਸ਼ਨ 'ਤੇ ਵਿਸ਼ਵ ਵਾਤਾਵਰਨ ਦਿਵਸ ਮੌਕੇ ਚਲਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਅਭਿਆਨ ਦੇ ਤੀਜੇ ਦਿਨ ਰੇਲਵੇ ਸਿਹਤ ਵਿਭਾਗ ਵਲੋਂ ਪਲਾਸਟਿਕ ਮੁਕਤ ਵਾਤਾਵਰਨ ਦਾ ਸੰਦੇਸ਼ ਦਿੱਤਾ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ਸੀ.ਐਚ.ਆਈ. ਅਮਿਤ ਕੁਮਾਰ ਨੇ ਕੀਤੀ | ਇਸ ਦੌਰਾਨ ਸਟੇਸ਼ਨ ਪਰਿਸਰ 'ਵਚ ਮੌਜੂਦ ਵੈਂਡਰਾਂ, ਯਾਤਰੀਆਂ ਤੇ ਰੇਲਵੇ ਕਰਮਚਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਗਿਆ | ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਰੋਜ਼ਾਨਾ ਜੀਵਨ 'ਚ ਪਲਾਸਟਿਕ ਦੀ ਥਾਂ ਦੁਬਾਰਾ ਵਰਤੋਂ ਯੋਗ ਬੈਗ, ਬੋਤਲਾਂ ਤੇ ਕੰਟੇਨਰਾਂ ਦੀ ਵਰਤੋਂ ਕਰਨ ਤਾਂ ਜੋ ਪਲਾਸਟਿਕ ਤੋਂ ਪੈਦਾ ਹੋਣ ਵਾਲੇ ਕੂੜੇ ਨੂੰ ਘਟਾਇਆ ਜਾ ਸਕੇ | ਸੀ.ਐਚ.ਆਈ. ਅਮਿਤ ਕੁਮਾਰ ਨੇ ਕਿਹਾ ਕਿ ਪਲਾਸਟਿਕ ਕਚਰੇ ਨੂੰ ਘਟਾਉਣਾ ਕੇਵਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਿਅਕਤੀ ਦਾ ਫ਼ਰਜ਼ ਹੈ | ਉਨ੍ਹਾਂ ਯਾਤਰੀਆਂ ਤੇ ਕਰਮਚਾਰੀਆਂ ਨੂੰ ਸਾਫ਼-ਸੁਥਰਾ ਤੇ ਹਰਿਆ ਭਰਿਆ ਵਾਤਾਵਰਨ ਬਣਾਈ ਰੱਖਣ ਲਈ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਛੋਟੇ-ਛੋਟੇ ਯਤਨ ਮਿਲ ਕੇ ਵੱਡਾ ਬਦਲਾਅ ਲਿਆ ਸਕਦੇ ਹਨ | ਇਸ ਮੌਕੇ ਲੋਕਾਂ ਨੂੰ ਵਾਤਾਵਰਨ ਸੁਰੱਖਿਆ ਤੇ ਸਫ਼ਾਈ ਪ੍ਰਤੀ ਵੀ ਜਾਗਰੂਕ ਕੀਤਾ ਗਿਆ |