ਘਰੋਟਾ, 17 ਮਈ (ਸੰਜੀਵ ਗੁਪਤਾ)-ਸਾਬਕਾ ਸੰਸਦੀ ਸਕੱਤਰ ਸੀਮਾ ਕੁਮਾਰੀ ਨੇ ਕਿਹਾ ਕਿ ਘਰੋਟਾ ਖੇਤਰ ਵਿੱਦਿਅਕ ਤੌਰ 'ਤੇ ਪੱਛੜਿਆ ਹੋਇਆ ਹੈ ਤੇ ਇਸ ਨੂੰ ਇਕ ਆਈ.ਟੀ.ਆਈ. ਤੇ ਕਾਲਜ ਦੀ ਸਖ਼ਤ ਲੋੜ ਹੈ | ਉਨ੍ਹਾਂ ਅੱਗੇ ਕਿਹਾ ਕਿ ਪਲੱਸ ਟੂ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ, ਖ਼ਾਸ ਕਰਕੇ ਪੇਂਡੂ ਖੇਤਰਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਤੇ ਤਕਨੀਕੀ ਸਿੱਖਿਆ ਲਈ ਦੂਰ-ਦੁਰਾਡੇ ਖੇਤਰਾਂ 'ਚ ਜਾਣਾ ਪੈਂਦਾ ਹੈ | ਜਿਸ ਕਾਰਨ ਗ਼ਰੀਬ ਤੇ ਮੱਧ ਵਰਗੀ ਪਰਿਵਾਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਸੀਮਾ ਕੁਮਾਰੀ ਗੜਮਲ ਪਿੰਡ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਆਈ ਸੀ | ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਘਰੋਟਾ ਖੇਤਰ ਵਿਚ ਇਕ ਆਈ.ਟੀ.ਆਈ. ਕਾਲਜ ਦੀ ਮੰਗ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਇਸ ਦਿਸ਼ਾ ਵਿਚ ਗੰਭੀਰ ਯਤਨ ਕੀਤੇ ਸਨ, ਜਿਸ ਨਾਲ ਇਲਾਕੇ ਦੀ ਲੋੜ ਨੂੰ ਪਛਾਣਿਆ ਗਿਆ ਸੀ | ਆਈ.ਟੀ.ਆਈ. ਖੋਲ੍ਹਣ ਦਾ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਤੇ ਸਬੰਧਿਤ ਵਿਭਾਗ ਦੀ ਇਕ ਟੀਮ ਨੇ ਖੇਤਰ ਦਾ ਨਿਰੀਖਣ ਵੀ ਕੀਤਾ ਸੀ | ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਸਰਕਾਰ ਵਿਚ ਤਬਦੀਲੀ ਕਾਰਨ ਮਾਮਲਾ ਲਟਕ ਗਿਆ ਸੀ ਤੇ ਅਜੇ ਵੀ ਲਟਕਿਆ ਹੋਇਆ ਹੈ | ਬਾਅਦ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਜੇਕਰ ਇਸ ਪ੍ਰੋਜੈਕਟ ਨੂੰ ਉਸ ਸਮੇਂ ਅੱਗੇ ਵਧਾਇਆ ਜਾਂਦਾ ਤਾਂ ਘਰੋਟਾ ਖੇਤਰ ਦੇ ਨੌਜਵਾਨਾਂ ਨੂੰ ਤਕਨੀਕੀ ਸਿੱਖਿਆ ਦੇ ਬਿਹਤਰ ਮੌਕੇ ਮਿਲ ਸਕਦੇ ਸਨ | ਸੀਮਾ ਕੁਮਾਰੀ ਨੇ ਕਿਹਾ ਕਿ ਘਰੋਟਾ ਤੇ ਆਲੇ-ਦੁਆਲੇ ਦੇ ਪੇਂਡੂ ਖੇਤਰਾਂ 'ਚ ਵੱਡੀ ਗਿਣਤੀ ਵਿਚ ਵਿਦਿਆਰਥੀ ਰਹਿੰਦੇ ਹਨ, ਪਰ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਦੀ ਘਾਟ ਉਨ੍ਹਾਂ ਦੇ ਭਵਿੱਖ ਨੂੰ ਰੋਕ ਰਹੀ ਹੈ | ਇਸ ਮੌਕੇ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੇ ਸਥਾਨਕ ਨਿਵਾਸੀ ਵੀ ਮੌਜੂਦ ਸਨ |