ਨਰੋਟ ਜੈਮਲ ਸਿੰਘ, 17 ਮਈ (ਸ਼ਸ਼ੀ ਕੁਮਾਰ)-ਬਲਾਕ ਨਰੋਟ ਜੈਮਲ ਸਿੰਘ ਦੇ ਪਿੰਡ ਵੱਡੇ ਤਲੂਰ ਦੇ ਇਕ ਪੋਕਲੇਨ ਓਪਰੇਟਰ ਰਾਜ ਕੁਮਾਰ ਦਾ ਆਮ ਆਦਮੀ ਪਾਰਟੀ ਦੇ ਨਗਰ ਪ੍ਰਧਾਨ ਤੇ ਉਸ ਦੇ ਭਰਾਵਾਂ ਤੇ ਭਤੀਜੇ ਵਲੋਂ ਕੀਤੇ ਗਏ ਕਤਲ ਦੀ ਸਖ਼ਤ ਨਿੰਦਾ ਕਰਦੇ 'ਅਜੀਤ' ਨਾਲ ਗੱਲਬਾਤ ਕਰਦਿਆਂ ਹੋਇਆਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜਦੋਂ ਦੀ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਲੈ ਕੇ ਪੰਜਾਬ ਵਿਚ ਕਾਨੂੰਨੀ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਰਹੀ | ਜੋਗਿੰਦਰ ਪਾਲ ਨੇ ਪੰਜਾਬ ਵਿਚ ਆਏ ਦਿਨ ਲੁੱਟਾਂ-ਖੋਹਾਂ, ਫਰੋਤੀਆਂ ਵਿਚ ਹੋ ਰਹੇ ਵਾਧੇ ਤੇ ਗੈਂਗਸਟਰਾਂ ਵਲੋਂ ਦਿਨ ਦਿਹਾੜੇ ਹੋ ਰਹੇ ਕਤਲਾਂ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ | ਜੋਗਿੰਦਰ ਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਹਮੇਸ਼ਾ ਬਦਲਾਖੋਰੀ ਦੀ ਨੀਤੀ ਨਾਲ ਰਾਜਨੀਤੀ ਕੀਤੀ ਹੈ ਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਬਜਾਏ ਪੰਜਾਬ ਦੇ ਲੋਕਾਂ ਵਿਚ ਡਰ ਪੈਦਾ ਕਰ ਦਿੱਤਾ ਹੈ | ਜਿਸ ਕਰਕੇ ਪੰਜਾਬ ਦੇ ਲੋਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਨਾ ਸਮਝਦੇ ਹੋਏ ਪੰਜਾਬ ਵਿਚ ਆਮ ਆਦਮੀ ਪਾਰਟੀ ਵੋਟਾਂ ਪਾ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ | ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਜਦ ਕਿਸੇ ਪਾਰਟੀ ਦੇ ਆਗੂ ਹੀ ਲੋਕਾਂ ਦੇ ਕਤਲ ਕਰਨ ਲੱਗਣਗੇ ਤਾਂ ਉਹ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦਾ ਕੀ ਸਹਿਯੋਗ ਦੇਣਗੇ |