ਕਾਹਨੂੰਵਾਨ, 19 ਮਈ (ਨਿਸ਼ਾਨ ਸਿੰਘ ਚਾਹਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖਰੀਦੋ-ਫਰੋਖ਼ਤ ਕਰਨ ਵੇਲੇ ਭੁਗਤਾਨ ਯੂ.ਪੀ.ਆਈ. ਰਾਹੀਂ ਕਰਨ ਤੇ ਅਗਲੇ ਇਕ ਸਾਲ ਤੱਕ ਸੋਨਾ ਨਾ ਖ਼ਰੀਦਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਭਾਰਤੀ ਬਾਜ਼ਾਰ ਵਿਚ ਉਥਲ-ਪੁਥਲ ਦੇਖਣ ਨੂੰ ਮਿਲ ਰਹੀ ਹੈ | ਇਸ ਵੇਲੇ ਹਲਾਤ ਇਸ ਕਦਰ ਹਨ ਕਿ ਬੈਂਕਾਂ ਦੇ ਏ.ਟੀ.ਐੱਮ. ਵਿਚੋਂ ਪੈਸੇ ਖ਼ਤਮ ਹਨ ਅਤੇ ਬੈਂਕਾਂ ਵਿਚੋਂ ਲੋਕਾਂ ਨੂੰ ਖਰੀਦੋ-ਫਰੋਖ਼ਤ ਕਰਨ ਅਤੇ ਹੋਰ ਘਰੇਲੂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਪਣੇ ਹੀ ਜਮਾਂ ਕਰਵਾਏ ਪੈਸੇ ਨਹੀਂ ਮਿਲ ਰਹੇ | ਲੋਕਾਂ ਨੂੰ ਆਪਣੀਆਂ ਘਰੇਲੂ ਜ਼ਰੂਰਤਾਂ ਪੂਰੀਆਂ ਕਰਨ ਲਈ ਇਕ ਏ.ਟੀ.ਐੱਮ. ਤੋਂ ਦੂਸਰੇ ਏ.ਟੀ.ਐੱਮ. ਤੱਕ ਦੌੜ-ਭੱਜ ਕਰਨੀ ਪੈਂਦੀ ਹੈ, ਪਰ ਕਸਬਾ ਕਾਹਨੂੰਵਾਨ ਤੇ ਇਸ ਦੇ ਨਾਲ ਦੇ ਕਸਬਿਆਂ ਵਿਚ ਸਥਿਤ ਏ.ਟੀ.ਐੱਮ. ਵਿਚੋਂ ਪੈਸੇ ਖ਼ਤਮ ਹਨ | ਇਸ ਮਾਮਲੇ ਸੰਬੰਧੀ ਜਦੋਂ ਐੱਚ.ਡੀ.ਐੱਫ.ਸੀ. ਬੈਂਕ ਦੇ ਪ੍ਰਬੰਧਕ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਵਧੇਰੇ ਭੁਗਤਾਨ ਯੂ.ਪੀ.ਆਈ. ਰਾਹੀਂ ਕਰਨ ਵੱਲ ਲੋਕਾਂ ਨੂੰ ਅਕਰਸ਼ਿਤ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਬੈਂਕ ਦੇ ਉੱਚ ਅਧਿਕਾਰੀਆਂ ਵਲੋਂ ਵੀ ਇਹ ਹਦਾਇਤਾਂ ਜਾਰੀ ਕੀਤੀਆਂ ਕਿ ਗ੍ਰਾਹਕਾਂ ਨੂੰ ਡਿਜ਼ੀਟਲ ਪ੍ਰਣਾਲੀ ਰਾਹੀਂ ਭੁਗਤਾਨ ਕਰਨ ਦੀ ਸਲਾਹ ਦਿੱਤੀ ਜਾਵੇ | ਇਸੇ ਹੀ ਤਰ੍ਹਾਂ ਇਕ ਹੋਰ ਸਹਿਕਾਰੀ ਬੈਂਕ ਦੇ ਪ੍ਰਬੰਧਕ ਨੇ ਦੱਸਿਆ ਕਿ ਸਾਨੂੰ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਇਹ ਆਦੇਸ਼ ਮਿਲੇ ਹਨ ਕਿ ਗ੍ਰਾਹਕ ਨੂੰ ਵੱਡੀ ਰਕਮ ਦੇਣ ਦੀ ਥਾਂ ਆਰ.ਜੀ.ਟੀ.ਐੱਸ. ਵਿਧੀ ਰਾਹੀਂ ਭੁਗਤਾਨ ਕਰਨ ਦੀ ਸਲਾਹ ਦਿੱਤੀ ਜਾਵੇ, ਪਰ ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਜੇ ਕਿਸੇ ਨੂੰ ਰੋਜ਼ਮਰਾ ਦੇ ਖਰਚਿਆਂ ਦੇ ਲਈ ਥੋੜ੍ਹੀ ਬਹੁਤੀ ਰਕਮ ਨਗਦ ਦੇ ਰੂਪ 'ਚ ਚਾਹੀਦੀ ਹੋਵੇ ਤਾਂ ਉਹ ਬੈਂਕ ਤੋਂ ਲੈ ਸਕਦਾ ਹੈ | ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਇਸ ਵੇਲੇ 200 ਰੁਪਏ ਤੋਂ ਵੱਧ ਨੋਟਾਂ ਦੀ ਛਪਾਈ ਨਹੀਂ ਕੀਤੀ ਜਾ ਰਹੀ, ਇਸ ਕਰਕੇ ਵੀ ਇਹ ਦਿੱਕਤ ਆ ਰਹੀ ਹੈ | ਹਾਲਾਂਕਿ ਭਾਰਤ ਸਰਕਾਰ ਵਲੋਂ ਪਿਛਲੇ ਸਮੇਂ ਤੋਂ ਕਾਗਜ਼ੀ ਨੋਟਾਂ ਦਾ ਪ੍ਰਚਲਨ ਬਾਜ਼ਾਰ ਵਿਚ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਥੇ ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਯੂ.ਪੀ.ਆਈ. ਪ੍ਰਣਾਲੀ ਰਾਹੀਂ ਭੁਗਤਾਨ ਕਰਨਾ ਨਹੀਂ ਆਉਂਦਾ ਜਾਂ ਉਨ੍ਹਾਂ ਕੋਲ 4ਜੀ ਜਾਂ 5ਜੀ ਫ਼ੋਨ ਹੀ ਨਹੀਂ ਹਨ ਤਾਂ ਅਜਿਹੇ ਵਿਚ ਇਹ ਪ੍ਰਣਾਲੀ ਕਿਸ ਹੱਦ ਤੱਕ ਕਾਰਗਰ ਸਾਬਿਤ ਹੋਏਗੀ | ਇਸ ਹਲਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਏ.ਟੀ.ਐੱਮ. ਰਾਹੀਂ ਭੁਗਤਾਨ ਯਕੀਨੀ ਬਣਾਇਆ ਜਾਵੇ ਤੇ ਬੈਂਕ ਲੋੜ ਪੈਣ 'ਤੇ ਆਪਣੇ ਗ੍ਰਾਹਕਾਂ ਨੂੰ ਪੈਸਾ ਮੁਹੱਈਆ ਕਰਵਾਏ |