ਪਠਾਨਕੋਟ, 19 ਮਈ (ਵਿਨੋਦ)-ਪਠਾਨਕੋਟ ਤੋਂ ਕਾਂਗੜਾ ਘਾਟੀ ਲਈ ਰੇਲ ਗੱਡੀ ਦਾ ਨਾ ਚੱਲਣਾ ਭਾਜਪਾ ਲਈ ਨਗਰ ਕੌਂਸਲ ਚੋਣਾਂ 'ਚ ਗਲੇ ਦੀ ਹੱਡੀ ਬਣ ਸਕਦਾ ਹੈ | ਗੱਲ ਦੱਸਣਯੋਗ ਹੈ ਕਿ ਬਰਸਾਤਾਂ ਦੇ ਚੱਲਦੇ ਹਿਮਾਚਲ ਤੇ ਪੰਜਾਬ ਨੂੰ ਜੋੜਨ ਵਾਲੇ ਰੇਲਵੇ ਬਿ੍ਜ ਦੇ ਟੁੱਟਣ ਦੇ ਚੱਲਦੇ 3 ਸਾਲ ਤੋਂ ਪਠਾਨਕੋਟ ਹਿਮਾਚਲ ਰੇਲ ਆਵਾਜਾਈ ਬੰਦ ਰਹੀ ਸੀ ਤੇ ਹੁਣ ਰੇਲਵੇ ਦਾ ਬਿ੍ਜ ਵੀ ਕਾਫ਼ੀ ਮਹੀਨੇ ਤੋਂ ਬਣ ਚੁੱਕਿਆ ਹੈ | ਬੀਤੇ ਮਹੀਨੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਵਲੋਂ ਪਠਾਨਕੋਟ ਆ ਕੇ ਕਾਂਗੜਾ ਘਾਟੀ ਰੇਲ ਗੱਡੀ ਸ਼ੁਰੂ ਕਰਨ ਦਾ ਲੋਕਾਂ ਨੂੰ ਭਰੋਸਾ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਰੇਲਵੇ ਸ਼ਹਿਰ ਦੇ ਸਟੇਸ਼ਨ ਤੋਂ ਨਾ ਚੱਲ ਕੇ ਪਠਾਨਕੋਟ ਡਲਹੌਜ਼ੀ ਰੋਡ ਸਟੇਸ਼ਨ ਤੋਂ ਸ਼ੁਰੂ ਕੀਤੀ ਜਾਵੇਗੀ, ਲੇਕਿਨ ਰੇਲਵੇ ਕਰਮਚਾਰੀ ਯੂਨੀਅਨ ਵਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਗਿਆ ਤਾਂ ਇਹ ਰੇਲ ਗੱਡੀ ਅੱਜ ਤੱਕ ਸ਼ੁਰੂ ਨਹੀਂ ਹੋ ਸਕੀ, ਹਾਲਾਂਕਿ ਰੇਲਵੇ ਵਿਭਾਗ ਵਲੋਂ ਰੇਲ ਗੱਡੀ ਨੂੰ ਸ਼ੁਰੂ ਕਰਨ ਦੀ ਸਮੇਂ ਸਾਰਨੀ ਵੀ ਜਾਰੀ ਕੀਤੀ ਸੀ, ਪਰ ਸਮੇਂ ਸਾਰਨੀ ਅਨੁਸਾਰ ਰੇਲ ਗੱਡੀ ਨਹੀਂ ਚੱਲ ਸਕੀ, ਜਿਸ ਦੇ ਚੱਲਦੇ ਹਿਮਾਚਲ ਜਾਣ ਵਾਲੇ ਰੋਜ਼ਾਨਾ ਯਾਤਰੀਆਂ 'ਚ ਭਾਰੀ ਰੋਸ ਹੈ, ਜੋ ਤਿੰਨ ਸਾਲਾਂ ਤੋਂ ਪੁਲ ਬਣਨ ਦੀ ਉਡੀਕ ਕਰ ਰਹੇ ਸਨ ਤੇ ਰੇਲ ਮੰਤਰੀ ਰਵਨੀਤ ਬਿੱਟੂ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਜਾਗੀ ਸੀ ਕਿ ਹੁਣ ਉਨ੍ਹਾਂ ਦਾ ਸਫ਼ਰ ਸਸਤਾ ਤੇ ਸੌਖਾ ਹੋ ਜਾਵੇਗਾ, ਪਰ ਵੀ ਕਾਂਗੜਾ ਘਾਟੀ ਦੇ ਰੇਲ ਗੱਡੀ ਸ਼ੁਰੂ ਨਾ ਹੋਣ ਦੇ ਚੱਲਦੇ ਲੋਕਾਂ 'ਚ ਮਾਯੂਸੀ ਹੈ | ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਵਲੋਂ ਰੇਲ ਗੱਡੀ ਨੂੰ ਰੇਲਵੇ ਸਟੇਸ਼ਨ ਸ਼ਹਿਰ ਤੋਂ ਸ਼ਿਫ਼ਟ ਕਰਕੇ ਡਲਹੌਜ਼ੀ ਰੋਡ ਸਟੇਸ਼ਨ ਤੋਂ ਚਲਾਨ ਦੀ ਗੱਲ ਕੀਤੀ ਸੀ, ਜਿਸ 'ਤੇ ਰੇਲਵੇ ਯੂਨੀਅਨ ਵਲੋਂ ਇਸ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਗਿਆ ਸੀ ਕਿ ਰੇਲ ਇੰਜਨ ਦੀ ਮੁਰੰਮਤ ਤੇ ਵਰਕਸ਼ਾਪ ਵੀ ਰੇਲਵੇ ਸਟੇਸ਼ਨ ਪਠਾਨਕੋਟ ਸ਼ਹਿਰ 'ਚ ਹੈ ਤੇ ਇਸ ਨੂੰ ਚਲਾਉਣ ਨਾਲ ਜਿੱਥੇ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ, ਉੱਥੇ ਰੇਲਵੇ ਕਰਮਚਾਰੀਆਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ, ਜਿਸ ਤੋਂ ਬਾਅਦ ਰੇਲਵੇ ਵਿਭਾਗ ਵਲੋਂ ਕਾਂਗੜਾ ਘਾਟੀ ਦੀ ਰੇਲ ਗੱਡੀ ਚਲਾਉਣ ਦਾ ਕੰਮ ਠੰਢੇ ਬਸਤੇ 'ਚ ਪਾ ਦਿੱਤਾ ਗਿਆ ਸੀ, ਪਰ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਪਠਾਨਕੋਟ ਤੋਂ ਭਾਜਪਾ ਦੇ ਵਿਧਾਇਕ ਅਤੇ ਭਾਜਪਾ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਸ਼ਹਿਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਮੁਸ਼ਕਿਲਾਂ ਖ਼ਤਮ ਕਰਦੇ ਹੋਏ ਰੇਲ ਗੱਡੀ ਸ਼ੁਰੂ ਕਰ ਦਿੱਤੀ ਜਾਵੇਗੀ, ਪਰ ਲੰਬਾ ਸਮਾਂ ਬੀਤਣ ਦੇ ਬਾਅਦ ਵੀ ਟਰੇਨ ਸ਼ੁਰੂ ਨਾ ਹੋਣ ਦੇ ਚੱਲਦੇ ਲੋਕਾਂ 'ਚ ਕਾਫ਼ੀ ਰੋਸ ਹੈ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੋਕਲ ਆਵਾਜਾਈ ਲਈ ਕਾਂਗੜਾ ਘਾਟੀ ਦੀ ਰੇਲ ਗੱਡੀ ਬੜੀ ਸਸਤੀ ਸੀ ਅਤੇ ਜਿਸ ਨਾਲ ਉਨ੍ਹਾਂ ਦਾ ਵਪਾਰ ਵੀ ਸਸਤੇ ਵਿੱਚ ਚੱਲ ਜਾਂਦਾ ਸੀ ਤੇ ਦੂਜੇ ਪਾਸੇ ਹਿਮਾਚਲ ਦੇ ਗ਼ਰੀਬ ਵਪਾਰੀ ਵੀ ਪਠਾਨਕੋਟ ਤੋਂ ਵਪਾਰ ਆਪਣਾ ਕਰ ਸਕਦੇ ਸਨ, ਲੇਕਿਨ ਰੇਲ ਗੱਡੀ ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਪਠਾਨਕੋਟ ਦੇ ਵਪਾਰੀਆਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ ਹੈ ਤੇ ਦੂਜੇ ਪਾਸੇ ਹਿਮਾਚਲ ਦੇ ਵਪਾਰੀ ਵੀ ਕਾਫ਼ੀ ਨੁਕਸਾਨ ਝੱਲ ਰਹੇ ਹਨ | ਹੁਣ ਦੇਖਣਾ ਇਹ ਹੋਵੇਗਾ ਭਾਜਪਾ ਦੇ ਵਿਧਾਇਕ ਤੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਕਾਂਗੜਾ ਘਾਟੀ ਟਰੇਨ ਨੂੰ ਕਿੰਨੀ ਜਲਦੀ ਸ਼ੁਰੂ ਕਰਵਾਉਣ 'ਚ ਕਾਮਯਾਬ ਹੁੰਦੇ ਹਨ |