ਨਰੋਟ ਮਹਿਰਾ, 19 ਮਈ (ਰਾਜ ਕੁਮਾਰੀ)-ਪਠਾਨਕੋਟ ਦੇ ਸਰਨਾ-ਭੀਮਪੁਰ ਤੋਂ ਲੰਘਦੀ ਅੱਪਰਬਾਰੀ ਦੁਆਬ ਨਹਿਰ ਵਿਚ ਨਹਾਉਣ ਗਿਆ 17 ਸਾਲਾ ਕਿਸ਼ੋਰ ਲਾਪਤਾ ਹੋ ਗਿਆ | ਦੁਪਹਿਰ ਤੋਂ ਲਾਪਤਾ ਕਿਸ਼ੋਰ ਬਾਰੇ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਸੁਰਾਗ ਨਹੀਂ ਮਿਲ ਸਕਿਆ | ਇਸ ਘਟਨਾ ਤੋਂ ਬਾਅਦ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਜਲਦ ਤੋਂ ਜਲਦ ਗੋਤਾਖੋਰ ਤੇ ਐਨ.ਡੀ.ਆਰ.ਐਫ. ਦੀ ਟੀਮ ਬੁਲਾਉਣ ਦੀ ਮੰਗ ਕੀਤੀ ਹੈ | ਫ਼ਿਲਹਾਲ ਥਾਣਾ ਸਦਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪਿੰਡ ਕੋਠੀ ਪੰਡਿਤਾਂ ਦੇ ਰਹਿਣ ਵਾਲੇ ਰੋਹਿਤ ਦੇ ਚਾਚਾ ਰਿੰਕੂ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ, ਜਿਸ ਦੀ ਉਮਰ ਕਰੀਬ 17 ਸਾਲ ਹੈ, ਦੁਪਹਿਰ ਸਮੇਂ ਹੋਰ ਬੱਚਿਆਂ ਨਾਲ ਨਹਿਰ 'ਚ ਨਹਾਉਣ ਆਇਆ ਸੀ | ਅਚਾਨਕ ਉਸ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਦੇ ਤੇਜ਼ ਵਹਾਅ ਵਿਚ ਲਾਪਤਾ ਹੋ ਗਿਆ | ਇਹ ਹਾਦਸਾ ਕਰੀਬ ਦੁਪਹਿਰ 2 ਵਜੇ ਵਾਪਰਿਆ | ਰਿੰਕੂ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਕੰਮ 'ਤੇ ਸੀ, ਜਦੋਂ ਉਸ ਨੂੰ ਫੋਨ 'ਤੇ ਇਸ ਹਾਦਸੇ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ 'ਤੇ ਪਹੁੰਚਿਆ | ਦੁਪਹਿਰ ਵੇਲੇ ਬੱਚੇ ਇੱਥੇ ਨਹਾਉਣ ਆਏ ਸਨ ਤੇ ਉਸ ਸਮੇਂ ਤੋਂ ਹੀ ਉਸ ਦਾ ਭਤੀਜਾ ਲਾਪਤਾ ਹੈ | ਕਾਫ਼ੀ ਤਲਾਸ਼ ਕਰਨ ਦੇ ਬਾਵਜੂਦ ਵੀ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ | ਪਰਿਵਾਰ ਦੀ ਪ੍ਰਸ਼ਾਸਨ ਕੋਲੋਂ ਮੰਗ ਹੈ ਕਿ ਐਨ.ਡੀ.ਆਰ.ਐਫ. ਦੀ ਟੀਮ ਬੁਲਾਈ ਜਾਵੇ | ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਬੱਚੇ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰ ਵਿਚ ਗਹਿਰਾ ਗੁੱਸਾ ਅਤੇ ਚਿੰਤਾ ਹੈ | ਪੀੜਤ ਪਰਿਵਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਐਨ.ਡੀ.ਆਰ.ਐਫ. ਦੀ ਵਿਸ਼ੇਸ਼ ਟੀਮ ਨੂੰ ਮੌਕੇ 'ਤੇ ਬੁਲਾਇਆ ਜਾਵੇ ਤਾਂ ਜੋ ਰੈਸਕਿਊ ਓਪਰੇਸ਼ਨ ਨੂੰ ਤੇਜ਼ ਕਰਕੇ ਬੱਚੇ ਨੂੰ ਜਲਦ ਤੋਂ ਜਲਦ ਲੱਭਿਆ ਜਾ ਸਕੇ | ਪਰਿਵਾਰਕ ਮੈਂਬਰਾਂ ਅਨੁਸਾਰ ਘਟਨਾ ਦੀ ਸੂਚਨਾ ਦੇਣ ਤੋਂ ਕਾਫ਼ੀ ਸਮੇਂ ਬਾਅਦ ਸਥਾਨਿਕ ਪੁਲਿਸ ਜਾਂਚ ਲਈ ਮੌਕੇ 'ਤੇ ਪਹੁੰਚੀ | ਫ਼ਿਲਹਾਲ ਪੁਲਿਸ ਟੀਮ ਘਟਨਾ ਸਥਾਨ 'ਤੇ ਮੌਜੂਦ ਹੈ ਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਨਹਿਰ ਵਿਚ ਲਾਪਤਾ ਕਿਸ਼ੋਰ ਦੀ ਤਲਾਸ਼ ਕੀਤੀ ਜਾ ਰਹੀ ਹੈ | ਪੁਲਿਸ ਦਾ ਕਹਿਣਾ ਹੈ ਕਿ ਬਾਂਧ ਪ੍ਰਸ਼ਾਸਨ ਨਾਲ ਗੱਲ ਕਰਕੇ ਪਾਣੀ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਤਲਾਸ਼ ਜਾਰੀ ਹੈ |