ਨਰੋਟ ਜੈਮਲ ਸਿੰਘ, 19 ਮਈ (ਸ਼ਸ਼ੀ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭੋਆ ਇੰਚਾਰਜ ਰਵੀ ਮੋਹਨ ਨੇ ਕਸਬਾ ਨਰੋਟ ਜੈਮਲ ਸਿੰਘ ਵਿਚ ਦੋ ਦਿਨ ਪਹਿਲਾਂ ਹੋਏ ਕਤਲ ਕਾਂਡ ਦੀ ਤਿੱਖੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਾਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਰਵੀ ਮੋਹਨ ਨੇ ਕਿਹਾ ਕਿ ਜਦੋਂ ਰੱਖਿਅਕ ਹੀ ਭੱਖਿਅਕ ਬਣ ਜਾਣ ਤਾਂ ਫਿਰ ਲੋਕਾਂ ਦਾ ਰਾਖਾ ਕੇਵਲ ਪ੍ਰਮਾਤਮਾ ਹੀ ਰਹਿ ਜਾਂਦਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਨਾਮਜ਼ਦ ਵਿਅਕਤੀ ਸੱਤਾਧਾਰੀ ਧਿਰ ਨਾਲ ਸਬੰਧਿਤ ਇਕ ਵੱਡਾ ਆਗੂ ਹੈ ਅਤੇ ਕਸਬੇ ਦਾ ਨਗਰ ਪ੍ਰਧਾਨ ਹੋਣ ਦੇ ਬਾਵਜੂਦ ਉਸ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਕਾਨੂੰਨ ਆਪਣੇ ਹੱਥ ਵਿਚ ਲਿਆ | ਇਸ ਮੌਕੇ ਦਾਰਾ ਸਿੰਘ ਮਜੀਰੀ, ਅਮਨਦੀਪ ਸਿੰਘ ਭਗਵਾਨਸਰ (ਪ੍ਰਧਾਨ ਕਿਸਾਨ ਵਿੰਗ ਪਠਾਨਕੋਟ), ਹਰਜੀਤ ਸਿੰਘ ਕੁਦਈਪੁਰ, ਗੁਰਸ਼ਰਨ ਸਿੰਘ ਤਾਸ਼, ਪਰਮਿੰਦਰ ਸਿੰਘ ਮਾਖਨਪੁਰ, ਸਰਪੰਚ ਰਸ਼ਪਾਲ ਸਿੰਘ ਮਿਆਣੀ, ਸਰਕਲ ਪ੍ਰਧਾਨ ਗੁਰਭੇਜ ਸਿੰਘ, ਸਰਕਲ ਪ੍ਰਧਾਨ ਗੁਰਸੇਵਕ ਸਿੰਘ, ਡਾ: ਕੁਲਦੀਪ ਰਾਜ, ਰਾਜਿੰਦਰ ਕੁਮਾਰ ਸੁੰਦਰਚੱਕ, ਮਹਿਕਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਬਕਨੌਰ ਸਮੇਤ ਅਕਾਲੀ ਵਰਕਰ ਹਾਜ਼ਰ ਸਨ |