03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਜਨਗਣਨਾ ਡਿਊਟੀ ਦੌਰਾਨ ਅਧਿਆਪਕ ਹੋਇਆ ਬੇਹੋਸ਼

ਅਜੀਤ ਡੈਸਕ 20-05-2026
ਪਠਾਨਕੋਟ, 19 ਮਈ (ਸੰਧੂ)-ਭਿਆਨਕ ਗਰਮੀ ਤੇ ਲਗਾਤਾਰ ਚੱਲ ਰਹੀ ਹੀਟ ਵੇਵ ਕਾਰਨ ਜਨਗਣਨਾ ਡਿਊਟੀ ਨਿਭਾਅ ਰਹੇ ਅਧਿਆਪਕਾਂ ਤੇ ਕਰਮਚਾਰੀਆਂ ਦੀ ਸਿਹਤ 'ਤੇ ਮਾੜਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ | ਇਸ ਦਾ ਤਾਜ਼ਾ ਉਦਾਹਰਨ ਉਸ ਵੇਲੇ ਸਾਹਮਣੇ ਆਇਆ ਜਦੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸ਼ਾਹ ਵਿਚ ਤਾਇਨਾਤ ਵੋਕੇਸ਼ਨਲ ਲੈਕਚਰਾਰ ਜਤਿੰਦਰ ਕੁਮਾਰ, ਜੋ ਕਿ ਪਠਾਨਕੋਟ ਦੇ ਮੁਹੱਲਾ ਭਦਰੋਆ ਦੇ ਰਹਿਣ ਵਾਲੇ ਹਨ, ਜਨਗਣਨਾ ਸਰਵੇ ਦੌਰਾਨ ਬਧਾਨੀ ਖੇਤਰ ਵਿਚ ਡਿਊਟੀ ਨਿਭਾਉਂਦੇ ਸਮੇਂ ਭਿਆਨਕ ਗਰਮੀ ਕਾਰਨ ਬੇਹੋਸ਼ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਕੁਮਾਰ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵਲੋਂ ਮੁੱਢਲਾ ਇਲਾਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ | ਇਸ ਘਟਨਾ ਤੋਂ ਬਾਅਦ ਅਧਿਆਪਕ ਵਰਗ 'ਚ ਚਿੰਤਾ ਦਾ ਮਾਹੌਲ ਬਣ ਗਿਆ ਹੈ ਤੇ ਜਨਗਣਨਾ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ | ਇਸ ਸਬੰਧੀ ਮਾਸਟਰ ਕੇਡਰ ਯੂਨੀਅਨ ਜ਼ਿਲ੍ਹਾ ਪਠਾਨਕੋਟ ਦੇ ਪ੍ਰਧਾਨ ਰਮਨ ਕੁਮਾਰ, ਜਰਨਲ ਸਕੱਤਰ ਪਵਨ ਕੁਮਾਰ, ਸੂਬਾ ਕਮੇਟੀ ਮੈਂਬਰ ਰਾਕੇਸ਼ ਸ਼ਰਮਾ ਆਦਿ ਆਗੂਆਂ ਨੇ ਦੱਸਿਆ ਕਿ ਵੱਧ ਰਹੀ ਗਰਮੀ ਦੇ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਸੀ ਕਿ ਸੂਬੇ ਅੰਦਰ ਵੱਖ-ਵੱਖ ਜ਼ਿਲਿ੍ਹਆਂ ਵਲੋਂ ਜੋ ਜਨਗਣਨਾ ਸਟਾਫ਼ ਨੂੰ ਸਕੂਲਾਂ ਤੋਂ 15 ਮਈ ਤੋਂ 13 ਜੂਨ ਤੱਕ ਰਿਲੀਫ ਕੀਤਾ ਗਿਆ ਹੈ, ਉਸ ਸਬੰਧੀ ਪੱਤਰ ਜਾਰੀ ਕੀਤਾ ਜਾਵੇ | ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਵੀ ਠੋਸ ਕਦਮ ਵਾਰ ਵਾਰ ਮੰਗ ਕਰਨ 'ਤੇ ਨਹੀਂ ਚੁੱਕੇ ਗਏ | ਯੂਨੀਅਨ ਆਗੂਆਂ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਪੰਜਾਬ ਦੇ ਹੋਰ ਜ਼ਿਲਿ੍ਹਆਂ ਦੀ ਤਰ੍ਹਾਂ ਪਠਾਨਕੋਟ ਵਿਚ ਵੀ ਜਨਗਣਨਾ ਡਿਊਟੀ ਨਿਭਾਅ ਰਹੇ ਅਧਿਆਪਕਾਂ ਤੇ ਕਰਮਚਾਰੀਆਂ ਨੂੰ ਸਕੂਲਾਂ ਦੀਆਂ ਡਿਊਟੀਆਂ ਤੋਂ ਪੂਰੀ ਤਰ੍ਹਾਂ ਰਿਲੀਵ ਕੀਤਾ ਜਾਵੇ | ਯੂਨੀਅਨ ਦਾ ਕਹਿਣਾ ਹੈ ਕਿ ਇਕ ਪਾਸੇ ਅਧਿਆਪਕ ਸਕੂਲਾਂ ਵਿਚ ਆਪਣੀ ਨਿਯਮਿਤ ਡਿਊਟੀ ਨਿਭਾਅ ਰਹੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਤਪਦੀ ਦੁਪਹਿਰ ਵਿਚ ਜਨਗਣਨਾ ਸਰਵੇ ਲਈ ਘਰ-ਘਰ ਜਾਣਾ ਪੈ ਰਿਹਾ ਹੈ | ਜਿਸ ਕਾਰਨ ਉਨ੍ਹਾਂ ਦੀ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ | ਯੂਨੀਅਨ ਆਗੂਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਗਰਮੀ ਦਾ ਪ੍ਰਕੋਪ ਕਾਫ਼ੀ ਵੱਧ ਚੁੱਕਾ ਹੈ ਅਤੇ ਹੀਟ ਵੇਵ ਦੇ ਚੱਲਦੇ ਦੁਪਹਿਰ ਦੇ ਸਮੇਂ ਮੈਦਾਨੀ ਡਿਊਟੀ ਕਰਨਾ ਬਹੁਤ ਮੁਸ਼ਕਿਲ ਬਣ ਗਿਆ ਹੈ | ਜੇਕਰ ਸਮੇਂ ਸਿਰ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਫ਼ਾਰਗ ਨਾ ਕੀਤਾ ਗਿਆ ਤਾਂ ਹੋਰ ਵੀ ਅਣਚਾਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਮਾਸਟਰ ਕੇਡਰ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਧਿਆਪਕਾਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਤੁਰੰਤ ਯੋਗ ਫ਼ੈਸਲਾ ਲਿਆ ਜਾਵੇ, ਤਾਂ ਜੋ ਉਹ ਬਿਨ੍ਹਾਂ ਕਿਸੇ ਦਬਾਅ ਅਤੇ ਖ਼ਤਰੇ ਦੇ ਆਪਣੀ ਜਨਗਣਨਾ ਡਿਊਟੀ ਸੁਚੱਜੇ ਢੰਗ ਨਾਲ ਨਿਭਾਅ ਸਕਣ |
ਪਿਛਲੀ ਖ਼ਬਰ ਦੋ ਦਿਨ ਪਹਿਲੇ ਨਰੋਟ ਜੈਮਲ ਸਿੰਘ ਵਿਖੇ ਹੋਏ ਹੱਤਿਆ ਕਾਂਡ ਦੀ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਨਿੰਦਾ <br/> ਅਗਲੀ ਖ਼ਬਰ ਐਵਲਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦਾ 10ਵੀਂ ਤੇ 12ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।