ਪਠਾਨਕੋਟ, 3 ਜੂਨ (ਸੰਧੂ)-ਤਕਨੀਕੀ ਸਿੱਖਿਆ, ਨਵੀਨਤਾ ਤੇ ਹੁਨਰ ਵਿਕਾਸ ਦੇ ਖੇਤਰ 'ਚ ਇਕ ਮਹੱਤਵਪੂਰਨ ਮੀਲ ਪੱਥਰ ਹਾਸਲ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਇੰਦੋਰਾ ਦੀ ਅਰਨੀ ਯੂਨੀਵਰਸਿਟੀ ਨੇ ਕਰਨਾਟਕ ਦੀ ਮਸ਼ਹੂਰ ਸਿਰੇਨਾ ਟੈਕਨਾਲੋਜੀਜ਼ ਦੇ ਸਹਿਯੋਗ ਨਾਲ ਇਕ ਅਤਿ-ਆਧੁਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਤੇ ਰੋਬੋਟਿਕਸ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤਾ ਹੈ | ਇਸ ਪਹਿਲਕਦਮੀ ਨੂੰ ਖੇਤਰ ਦੇ ਨੌਜਵਾਨਾਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਵਿਸ਼ਵ-ਵਿਆਪੀ ਰੁਜ਼ਗਾਰ ਦੇ ਮੌਕਿਆਂ ਲਈ ਤਿਆਰ ਕਰਨ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ | ਯੂਨੀਵਰਸਿਟੀ ਕੈਂਪਸ ਵਿਚ ਸਥਾਪਤ ਇਹ ਕੇਂਦਰ ਲਗਭਗ 150 ਕਿੱਲੋਮੀਟਰ ਦੇ ਘੇਰੇ ਵਿਚ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ | ਇਹ ਵਿਦਿਆਰਥੀਆਂ ਨੂੰ ਏ.ਆਈ., ਮਸ਼ੀਨ ਲਰਨਿੰਗ, ਰੋਬੋਟਿਕਸ, ਡੇਟਾ ਸਾਇੰਸ, ਨੈਚੂਰਲ ਲੈਂਗੂਏਜ ਪ੍ਰੋਸੈਸਿੰਗ (ਐਨ.ਐਲ.ਪੀ.), ਪਾਈਥਨ ਪ੍ਰੋਗਰਾਮਿੰਗ, ਆਟੋਮੇਸ਼ਨ ਅਤੇ ਹੋਰ ਉੱਭਰ ਰਹੀਆਂ ਤਕਨਾਲੋਜੀਆਂ ਵਿਚ ਹੱਥੀਂ ਸਿਖਲਾਈ ਪ੍ਰਦਾਨ ਕਰੇਗਾ | ਵਿਦਿਆਰਥੀਆਂ ਕੋਲ ਲਾਈਵ ਪ੍ਰੋਜੈਕਟਾਂ, ਉਦਯੋਗ ਦੇ ਸੰਪਰਕ, ਖੋਜ, ਇੰਟਰਨਸ਼ਿਪ ਅਤੇ ਸਟਾਰਟਅੱਪ ਵਿਕਾਸ ਦੇ ਮੌਕਿਆਂ ਤੱਕ ਵੀ ਪਹੁੰਚ ਹੋਵੇਗੀ | ਇਸ ਸਮਝੌਤੇ ਅਰਨੀ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ: ਮਨੀਸ਼ ਕੁਮਾਰ ਸ੍ਰੀਵਾਸਤਵ ਅਤੇ ਸਿਰੀਨਾ ਟੈਕਨਾਲੋਜੀਜ਼ ਦੀ ਡਾਇਰੈਕਟਰ ਅਕਾਨਸ਼ਾ ਆਨੰਦ ਨੇ ਹਸਤਾਖ਼ਰ ਕੀਤੇ | ਇਹ ਸਹਿਯੋਗ 'ਵਿਕਸਿਤ ਭਾਰਤ-2047' ਦੇ ਦਿ੍ਸ਼ਟੀਕੋਣ ਨੂੰ ਸਾਕਾਰ ਕਰਨ ਲਈ ਨੌਜਵਾਨਾਂ ਨੂੰ ਤਕਨੀਕੀ ਤੌਰ 'ਤੇ ਸਸ਼ਕਤ ਬਣਾਉਣ ਵੱਲ ਕੰਮ ਕਰੇਗਾ | ਇਕ ਹੋਰ ਦੂਰ-ਦਰਸ਼ੀ ਫ਼ੈਸਲੇ ਵਿਚ ਅਰਨੀ ਯੂਨੀਵਰਸਿਟੀ ਨੇ ਲਗਪਗ ਸਾਰੇ ਅਕਾਦਮਿਕ ਪ੍ਰੋਗਰਾਮਾਂ ਵਿਚ ਏ.ਆਈ. ਤੇ ਪਾਈਥਨ-ਅਧਾਰਿਤ ਮਡਿਊਲਾਂ ਨੂੰ ਏਕੀਕਿ੍ਤ ਕਰਨ ਦਾ ਫ਼ੈਸਲਾ ਕੀਤਾ ਹੈ | ਜਿਸ ਨਾਲ ਕਾਨੂੰਨ, ਫਾਰਮੇਸੀ, ਖੇਤੀਬਾੜੀ, ਪ੍ਰਬੰਧਨ, ਇੰਜੀਨੀਅਰਿੰਗ, ਕੰਪਿਊਟਰ ਐਪਲੀਕੇਸ਼ਨ, ਵਿਗਿਆਨ ਤੇ ਹੋਰ ਵਿਸ਼ਿਆਂ ਦੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕੀ ਹੁਨਰ ਹਾਸਲ ਕਰਨ ਦੇ ਯੋਗ ਬਣਾਇਆ ਜਾ ਸਕੇਗਾ | ਯੂਨੀਵਰਸਿਟੀ ਦਾ ਮੰਨਣਾ ਹੈ ਕਿ ਭਵਿੱਖ ਵਿਚ ਹਰ ਖੇਤਰ ਲਈ ਏ.ਆਈ. ਦੀ ਸਮਝ ਜ਼ਰੂਰੀ ਹੋਵੇਗੀ ਅਤੇ ਇਹ ਪਹਿਲ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਕਰੇਗੀ | ਇਸ ਮੌਕੇ ਚਾਂਸਲਰ ਡਾ: ਵਿਵੇਕ ਸਿੰਘ ਨੇ ਕਿਹਾ ਕਿ ਅਰਨੀ ਯੂਨੀਵਰਸਿਟੀ ਦਾ ਉਦੇਸ਼ ਸਿਰਫ਼ ਡਿਗਰੀਆਂ ਪ੍ਰਦਾਨ ਕਰਨਾ ਨਹੀਂ ਹੈ, ਸਗੋਂ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਨੌਤੀਆਂ ਅਤੇ ਮੌਕਿਆਂ ਲਈ ਤਿਆਰ ਕਰਨਾ ਹੈ | ਯੂਨੀਵਰਸਿਟੀ ਦਾ ਟੀਚਾ ਖੇਤਰ ਦੇ ਨੌਜਵਾਨਾਂ ਨੂੰ ਭਵਿੱਖ ਦੀਆਂ ਤਕਨਾਲੋਜੀਆਂ ਵਿਚ ਹੁਨਰਾਂ ਨਾਲ ਲੈਸ ਕਰਨਾ ਹੈ, ਜਿਸ ਨਾਲ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਤੀਯੋਗੀ ਬਣਾਇਆ ਜਾ ਸਕੇ | ਅਰਨੀ ਯੂਨੀਵਰਸਿਟੀ ਦੀ ਇਹ ਪਹਿਲ ਸਿੱਖਿਆ, ਉਦਯੋਗ ਅਤੇ ਤਕਨਾਲੋਜੀ ਵਿਚਕਾਰ ਇਕ ਮਜ਼ਬੂਤ ਪੁਲ ਵਜੋਂ ਕੰਮ ਕਰੇਗੀ ਅਤੇ ਖੇਤਰ ਦੇ ਨੌਜਵਾਨਾਂ ਲਈ ਨਵੇਂ ਮੌਕਿਆਂ, ਨਵੀਂ ਸੋਚ ਅਤੇ ਨਵੇਂ ਭਵਿੱਖ ਲਈ ਰਾਹ ਪੱਧਰਾ ਕਰੇਗੀ |