ਗੁਰਦਾਸਪੁਰ, 4 ਜੂਨ (ਪੰਕਜ ਸ਼ਰਮਾ) ਭਾਰਤੀ ਜਨਤਾ ਪਾਰਟੀ ਮੰਡਲ ਸ਼ਹਿਰੀ ਵਲੋਂ ਨਗਰ ਕੌਂਸਲ ਚੋਣਾਂ ਲਈ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਧਾਰਮਿਕ ਅਸਥਾਨਾਂ ਤੋਂ ਕੀਤੀ ਗਈ | ਇਸ ਮੌਕੇ ਭਾਜਪਾ ਦੇ ਸਾਰੇ ਉਮੀਦਵਾਰਾਂ, ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੇ ਸ਼ਿਵਾਲਾ ਮੰਦਰ ਝੂਲਣਾ ਮਹਿਲ ਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਚੋਣ ਮੁਹਿੰਮ ਦੀ ਸਫ਼ਲਤਾ ਲਈ ਅਰਦਾਸ ਕੀਤੀ | ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਲੋਕਾਂ ਦੀ ਸੇਵਾ ਤੇ ਵਿਕਾਸ ਦੀ ਰਾਜਨੀਤੀ ਵਿਚ ਵਿਸ਼ਵਾਸ ਰੱਖਦੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਦੇ ਸਾਰੇ ਉਮੀਦਵਾਰ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧਾਂ 'ਚ ਸੁਧਾਰ, ਬੁਨਿਆਦੀ ਸਹੂਲਤਾਂ ਦੇ ਵਿਸਥਾਰ ਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਨੂੰ ਆਪਣੀ ਪਹਿਲ ਦੇਣਗੇ | ਆਗੂਆਂ ਨੇ ਦਾਅਵਾ ਕੀਤਾ ਕਿ ਸ਼ਹਿਰ ਵਾਸੀਆਂ ਵਲੋਂ ਭਾਜਪਾ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ ਤੇ ਪਾਰਟੀ ਦੇ ਉਮੀਦਵਾਰ ਹਰ ਵਾਰਡ ਵਿਚ ਮਜ਼ਬੂਤ ਸਥਿਤੀ 'ਚ ਹਨ | ਇਸ ਮੌਕੇ ਪਾਰਟੀ ਵਰਕਰਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਨੇ ਘਰ-ਘਰ ਜਾ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ | ਚੋਣ ਮੁਹਿੰਮ ਦੀ ਸ਼ੁਰੂਆਤ ਦੌਰਾਨ ਭਾਜਪਾ ਆਗੂਆਂ ਨੇ ਲੋਕਾਂ ਤੋਂ ਸਮਰਥਨ ਅਤੇ ਸਹਿਯੋਗ ਦੀ ਅਪੀਲ ਵੀ ਕੀਤੀ |