ਪਠਾਨਕੋਟ, 4 ਜੂਨ (ਸੰਧੂ)-ਭਿਆਨਕ ਗਰਮੀ ਤੇ ਲੂ ਦੇ ਵੱਧ ਰਹੇ ਪ੍ਰਭਾਵ ਦੌਰਾਨ ਮਿਹਨਤ-ਮਜ਼ਦੂਰੀ ਕਰਨ ਵਾਲੇ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪਠਾਨਕੋਟ ਦੇ ਪ੍ਰਸਿੱਧ ਸਮਾਜ ਸੇਵਕ, ਸਿੱਖਿਆਵਿਦ ਅਤੇ ਨੌਜਵਾਨ ਆਗੂ ਸ੍ਰੀਜਲ ਗੁਪਤਾ ਵਲੋਂ ਇਕ ਸ਼ਲਾਘਾਯੋਗ ਉਪਰਾਲਾ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਨੇ 'ਸੋਚ ਸ੍ਰੀਜਲ ਗੁਪਤਾ' ਅਤੇ 'ਮੁਸਕਰਾਹਟ ਵਾਲਾ ਪਠਾਨਕੋਟ' ਮੁਹਿੰਮ ਅਧੀਨ ਅਗਲੇ ਦੋ ਮਹੀਨਿਆਂ ਤੱਕ ਮੁਫ਼ਤ ਓ.ਆਰ.ਐਸ., ਠੰਢਾ ਪੀਣ ਵਾਲਾ ਪਾਣੀ ਅਤੇ ਧੁੱਪ ਤੋਂ ਬਚਾਅ ਲਈ ਟੋਪੀਆਂ ਵੰਡਣ ਦੀ ਸੇਵਾ ਸ਼ੁਰੂ ਕੀਤੀ ਹੈ | ਇਸ ਲੋਕ ਭਲਾਈ ਮੁਹਿੰਮ ਦਾ ਆਗਾਜ਼ ਅੱਜ ਸ਼ਹਿਰ ਦੇ ਮੁੱਖ ਦੁਆਰ ਨੇੜੇ ਸਥਿਤ ਸ਼ਨੀ ਦੇਵ ਮੰਦਿਰ ਕੋਲ ਕੀਤਾ ਗਿਆ | ਇਸ ਮੌਕੇ ਧੁੱਪ ਵਿਚ ਦਿਹਾੜੀ-ਮਜ਼ਦੂਰੀ ਕਰ ਰਹੇ ਮਜ਼ਦੂਰਾਂ, ਮਿਸਤਰੀਆਂ ਅਤੇ ਉਨ੍ਹਾਂ ਦੇ ਛੋਟੇ ਬੱਚਿਆਂ ਨੂੰ ਓ.ਆਰ.ਐਸ. ਦੇ ਟੈਟਰਾ ਪੈਕ, ਠੰਢਾ ਪਾਣੀ ਅਤੇ ਟੋਪੀਆਂ ਵੰਡੀਆਂ ਗਈਆਂ ਤਾਂ ਜੋ ਉਹ ਭਿਆਨਕ ਗਰਮੀ ਦੇ ਮੌਸਮ ਵਿਚ ਆਪਣੇ ਆਪ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖ ਸਕਣ | ਸ੍ਰੀਜਲ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਹਰ ਰੋਜ਼ 1000 ਤੋਂ ਵੱਧ ਲੋਕਾਂ ਤੱਕ ਪਹੁੰਚਣ ਦਾ ਟੀਚਾ ਰੱਖਿਆ ਗਿਆ ਹੈ |