ਪਠਾਨਕੋਟ, 4 ਜੂਨ (ਵਿਨੋਦ)-ਵੈਟਰਨਰੀ ਅਫਸਰ ਡਾ: ਗੁਲਸ਼ਨ ਚੰਦ ਵਲੋਂ ਪਸ਼ੂ ਭਲਾਈ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਪਸ਼ੂ ਪਾਲਕਾਂ ਨੂੰ ਗਰਮੀ ਦੇ ਮੌਸਮ ਦੌਰਾਨ ਪਸ਼ੂਆਂ 'ਚ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਦਿੱਤੀ | ਡਾ: ਗੁਲਸ਼ਨ ਚੰਦ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਮੌਸਮ 'ਚ ਪਸ਼ੂ ਨੂੰ ਠੰਢਾ ਪਾਣੀ ਪਿਲਾਉਣਾ ਚਾਹੀਦਾ ਹੈ ਤੇਪਸ਼ੂਆਂ ਦੀਆਂ ਸ਼ੈੱਡਾਂ ਵੀ ਹਵਾਦਾਰ ਹੋਣੀਆਂ ਚਾਹੀਦੀਆਂ ਹਨ | ਇਸ ਤੋਂ ਇਲਾਵਾ ਪਸ਼ੂਆਂ ਨੂੰ ਜੋ ਫੀਡ ਖਵਾਈ ਜਾਂਦੀ ਹੈ, ਉਸ ਫੀਡ ਨੂੰ ਪਾਣੀ ਨਾਲ ਛੇੜ ਕੇ ਹੀ ਦੇਣਾ ਚਾਹੀਦਾ ਹੈ ਕਿਉਂਕਿ ਸੁੱਕੀ ਫੀਡ ਨਾਲ ਪਸ਼ੂ ਦੇ ਅੰਦਰ ਗਰਮੀ ਪੈਦਾ ਹੁੰਦੀ ਹੈ | ਉਨ੍ਹਾਂ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਪਸ਼ੂ ਪਾਲਕ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਪਸ਼ੂ ਸੰਸਥਾ ਦੇ ਵੈਟਰਨਰੀ ਅਫਸਰ, ਇੰਸਪੈਕਟਰ ਨਾਲ ਤਾਲਮੇਲ ਕਰਨਾ ਯਕੀਨੀ ਬਣਾਉਣ | ਜ਼ਿਲ੍ਹਾ ਪਠਾਨਕੋਟ ਦਾ ਪਸ਼ੂ ਹਸਪਤਾਲ ਮਨਵਾਲ ਹੈ ਜਿੱਥੇ ਵੱਖ-ਵੱਖ ਵਿਸ਼ਾ ਮਾਹਿਰ ਡਾਕਟਰ ਹਨ ਜੇਕਰ ਕਿਸੇ ਵੀ ਪਸ਼ੂ ਦਾ ਬਲੱਡ ਟੈੱਸਟ ਕਰਵਾਉਣਾ ਹੈ ਤਾਂ ਉਹ ਪਸ਼ੂ ਹਸਪਤਾਲ ਮਨਵਾਲ ਜਾ ਕੇ ਕਰਵਾ ਸਕਦਾ ਹੈ | ਉਨ੍ਹਾਂ ਪਸ਼ੂ ਪਾਲਕਾਂ ਨੂੰ ਥਨੈਲਾ ਰੋਗ ਸਬੰਧੀ ਦੱਸਿਆ ਕਿ ਇਹ ਰੋਗ ਪਸ਼ੂਆਂ ਦੇ ਆਲੇ ਦੁਆਲੇ ਸਫ਼ਾਈ ਨਾ ਹੋਣ ਕਾਰਨ ਹੁੰਦਾ ਹੈ ਤੇ ਦੁੱਧ ਚੋਣ ਦੇ ਗ਼ਲਤ ਤਰੀਕੇ ਨਾਲ ਹੁੰਦਾ ਹੈ | ਕੈਂਪ 'ਚ ਆਏ ਪਸ਼ੂ ਪਾਲਕਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ |