ਗੁਰਦਾਸਪੁਰ, 9 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ ਮੁਕੇਰੀਆਂ ਮੁੱਖ ਮਾਰਗ ਅੱਡਾ ਨਵਾਂ ਸ਼ਾਲਾ ਵਿਖੇ ਦੁਪਹਿਰ ਸਮੇਂ ਦੋ ਲੁਟੇਰਿਆਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਕੋਲੋਂ ਲਿਫ਼ਟ ਮੰਗਣ ਤੋਂ ਬਾਅਦ ਉਸ ਨੰੂ ਪਿਸਤੌਲ ਦਿਖਾ ਕੇ ਮੋਟਰਸਾਈਕਲ 'ਤੇ ਮੋਬਾਈਲ ਲੈ ਕੇ ਫ਼ਰਾਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਲੁਟੇਰਿਆਂ ਨੇ ਜਾਂਦੇ ਸਮੇਂ ਸ੍ਰੀ ਰਾਮ ਪੈਟਰੋਲ ਪੰਪ ਜਗਤਪੁਰ 'ਤੇ ਬਿਨ੍ਹਾਂ ਵਜਾ ਚਾਰ ਫਾਇਰ ਵੀ ਕੀਤੇ | ਜਿਸ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ | ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਪੁਰਾਣਾ ਸ਼ਾਲਾ ਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵਲੋਂ ਇਲਾਕੇ ਅੰਦਰ ਘੇਰਾਬੰਦੀ ਕਰਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ | ਇਸ ਸਬੰਧੀ ਪੀੜਤ ਪ੍ਰਕਾਸ਼ ਵਾਸੀ ਹਾਲ ਨਵਾਂ ਨੌਸ਼ਹਿਰਾ ਚਾਵਾ ਨੇ ਦੱਸਿਆ ਕਿ ਉਹ ਦੁਪਹਿਰ 12.30 ਵਜੇ ਦੇ ਕਰੀਬ ਮੋਟਰਸਾਈਕਲ ਨੰਬਰ ਪੀ.ਬੀ.06.ਵਾਈ.1397 'ਤੇ ਘਰੇਲੂ ਸਮਾਨ ਲੈਣ ਲਈ ਨਵਾਂ ਸ਼ਾਲਾ ਗਿਆ ਸੀ ਕਿ ਜਦੋਂ ਸਮਾਨ ਖ਼ਰੀਦ ਕੇ ਵਾਪਸ ਪੰਡਿਤ ਆਟਾ ਚੱਕੀ 'ਤੇ ਆਉਣ ਲੱਗਾ ਤਾਂ ਮੋੜ 'ਤੇ ਦੋ ਵਿਅਕਤੀਆਂ ਨੇ ਉਸ ਕੋਲੋਂ ਲਿਫ਼ਟ ਮੰਗੀ ਤੇ ਉਸ ਨਾਲ ਮੋਟਰਸਾਈਕਲ 'ਤੇ ਬੈਠ ਗਏ | ਜਦੋਂ ਉਹ ਚਾਵਾ ਨੇੜੇ ਪਹੁੰਚਣ ਲੱਗਾ ਤਾਂ ਉਨ੍ਹਾਂ ਨੇ ਉਸ ਦੇ ਲੱਕ 'ਤੇ ਪਿਸਤੌਲ ਰੱਖ ਕੇ ਕਿਹਾ ਕਿ ਉਨ੍ਹਾਂ ਨੰੂ ਅੱਗੇ ਛੱਡ ਆਵੇ | ਜਿਸ ਤੋਂ ਬਾਅਦ ਉਹ 300-400 ਮੀਟਰ ਦੂਰ ਵਿਰਾਨ ਜਗਾ 'ਤੇ ਪੁੱਜਾ ਤਾਂ ਉਕਤ ਦੋਨੋਂ ਲੁਟੇਰੇ ਉਸ ਨੰੂ ਧੱਕਾ ਦੇ ਕੇ ਉਸ ਦਾ ਫੋਨ ਤੇ ਮੋਟਰਸਾਈਕਲ ਖੋਹ ਕੇ ਭੱਜ ਗਏ | ਦੋਵੇਂ ਲੁਟੇਰਿਆਂ ਨੇ ਜਾਂਦੇ ਸਮੇਂ ਸ਼ਿਵਾਂਕ ਮਹਾਜਨ ਪੈਟਰੋਲ ਪੰਪ 'ਤੇ ਚਾਰ ਫਾਇਰ ਕੀਤੇ, ਜਿਸ ਨਾਲ ਮਾਹੌਲ ਦਹਿਸ਼ਤ ਵਾਲਾ ਬਣ ਗਿਆ | ਇਸ ਸਬੰਧੀ ਡੀ.ਐਸ.ਪੀ ਰਜਿੰਦਰ ਮਨਹਾਸ ਤੇ ਥਾਣਾ ਪੁਰਾਣਾ ਸਾਲਾ ਦੇ ਐਸ.ਐਚ.ਓ ਕੁਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਕਿਹਾ ਕਿ ਲੁਟੇਰਿਆਂ ਨੰੂ ਲੱਭਣ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ ਅਤੇ ਜਲਦ ਉਨ੍ਹਾਂ ਨੰੂ ਕਾਬੂ ਕਰਕੇ ਸਮਾਨ ਬਰਾਮਦ ਕਰ ਲਿਆ ਜਾਵੇਗਾ |