ਬਟਾਲਾ, 9 ਜੂਨ (ਰਾਕੇਸ਼ ਰੇਖੀ)-ਸੜਕ ਨਿਰਮਾਣ 'ਚ ਲੱਗੇ ਇਕ ਮਜ਼ਦੂਰ ਪਰਿਵਾਰ ਦੀ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਸੁਪਰਵਾਈਜ਼ਰ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਕਿਲ੍ਹਾ ਲਾਲ ਸਿੰਘ ਵਿਚ ਦਰਜ ਮਾਮਲੇ ਦੀ ਜਾਂਚ ੲ.ਐਸ.ਆਈ. ਧਰਮਿੰਦਰ ਸਿੰਘ ਕਰ ਰਹੇ ਹਨ | ਪਿੰਡ ਸੈਦਪੁਰ ਖੁਰਦ ਦੇ ਰਹਿਣ ਵਾਲੇ ਸੂਰਜ ਕਸ਼ਯਪ, ਜੋ ਮੂਲ ਰੂਪ 'ਚ ਜ਼ਿਲ੍ਹਾ ਰਾਮਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਉਹ ਪੰਜਾਬ ਸਰਕਾਰ ਵਲੋਂ ਬਣਾਈਆਂ ਜਾਣ ਵਾਲੀਆਂ ਸੜਕਾਂ ਦੇ ਨਿਰਮਾਣ ਕਾਰਜਾਂ 'ਚ ਮਜ਼ਦੂਰੀ ਕਰਦਾ ਹੈ | ਉਸ ਦੇ ਚਾਰ ਭਰਾ ਤੇ ਛੇ ਭੈਣਾਂ ਹਨ, ਜੋ ਸਾਰੇ ਸੜਕ ਨਿਰਮਾਣ ਵਿਚ ਮਜ਼ਦੂਰੀ ਕਰਦੇ ਹਨ ਤੇ ਪਿਛਲੇ ਤਿੰਨ ਮਹੀਨੇ ਤੋਂ ਸੈਦਪੁਰ ਖੁਰਦ ਵਿਚ ਰਹਿ ਰਹੇ ਹਨ, ਰਾਜਸਥਾਨ ਦੇ ਜ਼ਿਲ੍ਹਾ ਜਾਲੌਰ ਦਾ ਰਹਿਣ ਵਾਲਾ ਗਾਜਾ ਰਾਮ ਪੁੱਤਰ ਮੰਗਣਾ ਰਾਮ ਮਜ਼ਦੂਰਾਂ ਦਾ ਸੁਪਰਵਾਈਜ਼ਰ ਹੈ | 4 ਜੂਨ ਨੂੰ ਉਹ ਪਿੰਡ ਭਾਗੋਵਾਲ ਵਿਚ ਬਣ ਰਹੀ ਸੜ੍ਹਕ ਦਾ ਕੰਮ ਕਰ ਰਿਹਾ ਸੀ | ਕਰੀਬ 12 ਵਜੇ ਉਸ ਦੀ ਇਕ ਭੈਣ ਨੇ ਦੇਖਿਆ ਕਿ ਸੁਪਰਵਾਈਜ਼ਰ ਗਾਜਾ ਰਾਮ ਉਸ ਦੀ ਛੋਟੀ ਭੈਣ, ਜਿਸ ਦੀ ਉਮਰ ਕਰੀਬ 15 ਸਾਲ ਹੈ, ਨੂੰ ਆਪਣੇ 2 ਸਾਥੀਆਂ ਨਾਲ ਮਿਲ ਕੇ ਜ਼ਬਰਦਸਤੀ ਮੋਟਰਸਾਈਕਲ 'ਤੇ ਬਿਠਾ ਕੇ ਕਿਧਰੇ ਲੈ ਗਿਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਗਾਜਾ ਰਾਮ ਅਤੇ ਉਸ ਦੇ 2 ਅਣਪਛਾਤੇ ਸਾਥੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |