ਗੁਰਦਾਸਪੁਰ, 9 ਜੂਨ (ਚੱਕਰਾਜਾ)-ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਸ਼ਰਮਾ ਤੇ ਐਸ.ਸੀ.ਈ.ਆਰ.ਟੀ ਦੀ ਸਹਾਇਕ ਡਾਇਰੈਕਟਰ ਪੰਜਾਬ ਸ਼ਰੂਤੀ ਸ਼ੁਕਲਾ ਦੇ ਨਿਰਦੇਸ਼ਾਂ ਹੇਠ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਵਲੋਂ ਡਾਈਟ ਗੁਰਦਾਸਪੁਰ ਵਿਖੇ ਈ.ਟੀ.ਟੀ ਦੀ ਪੜ੍ਹਾਈ ਕਰ ਰਹੇ ਅਧਿਆਪਕ ਵਿਦਿਆਰਥੀਆਂ ਨਾਲ ਵਿਸ਼ੇਸ਼ ਪੇ੍ਰਰਨਾਦਾਇਕ ਤੇ ਮੋਟੀਵੇਸ਼ਨਲ ਸੈਸ਼ਨ ਦੌਰਾਨ ਵਿਚਾਰ ਸਾਂਝੇ ਕੀਤੇ ਗਏ | ਸੰਬੋਧਨ ਦੌਰਾਨ ਮੁਕੇਸ਼ ਵਰਮਾ ਨੇ ਕਿਹਾ ਕਿ ਇਕ ਆਦਰਸ਼ ਅਧਿਆਪਕ ਨੂੰ ਰਾਸ਼ਟਰ ਨਿਰਮਾਤਾ ਦੇ ਰੂਪ 'ਚ ਜਾਣਿਆ ਜਾਂਦਾ ਹੈ, ਕਿਉਂਕਿ ਉਸ ਵਲੋਂ ਤਿਆਰ ਕੀਤੇ ਵਿਦਿਆਰਥੀ ਡਾਕਟਰ, ਇੰਜੀਨੀਅਰ, ਅਧਿਆਪਕ, ਵਕੀਲ, ਜੱਜ, ਆਈ.ਏ.ਐਸ, ਆਈ.ਪੀ.ਐਸ ਅਤੇ ਹੋਰ ਉੱਚ ਅਹੁਦਿਆਂ ਤੱਕ ਪਹੁੰਚ ਕੇ ਦੇਸ਼ ਤੇ ਸਮਾਜ ਦੀ ਤਰੱਕੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਕਿਹਾ ਕਿ ਅਧਿਆਪਕ ਕੇਵਲ ਗਿਆਨ ਦਾ ਪ੍ਰਚਾਰ ਕਰਨ ਵਾਲਾ ਹੀ ਨਹੀਂ, ਸਗੋਂ ਚੰਗੇ ਸਮਾਜ ਤੇ ਮਜ਼ਬੂਤ ਰਾਸ਼ਟਰ ਦੀ ਨੀਂਹ ਰੱਖਣ ਵਾਲਾ ਸੱਚਾ ਮਾਰਗ ਦਰਸ਼ਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਉਹ ਆਪਣੇ ਜੀਵਨ ਨੂੰ ਸਿਰਫ਼ ਈ.ਟੀ.ਟੀ ਅਧਿਆਪਕ ਬਣਨ ਤੱਕ ਸੀਮਿਤ ਨਾ ਰੱਖਣ, ਬਲਕਿ ਵੱਡੇ ਸੁਪਨੇ ਦੇਖਣ ਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਨਿਰੰਤਰ ਯਤਨ ਕਰਨ | ਉਨ੍ਹਾਂ ਕਿਹਾ ਕਿ ਯੂ.ਪੀ.ਐਸ.ਸੀ, ਪੀ.ਸੀ.ਐਸ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਰਾਹੀਂ ਪ੍ਰਸ਼ਾਸਨਿਕ ਸੇਵਾਵਾਂ ਵਿਚ ਜਾ ਕੇ ਵੀ ਦੇਸ਼ ਦੀ ਸੇਵਾ ਦੇ ਅਨੇਕ ਮੌਕੇ ਮੌਜੂਦ ਹਨ | ਮਿਹਨਤ, ਦਿ੍ੜ੍ਹ ਇਰਾਦੇ ਤੇ ਆਤਮ-ਵਿਸ਼ਵਾਸ ਦੇ ਬੱਲ 'ਤੇ ਕੋਈ ਵੀ ਵਿਅਕਤੀ ਜੀਵਨ ਦੀਆਂ ਉੱੱਚੀਆਂ ਮੰਜ਼ਿਲਾਂ ਹਾਸਲ ਕਰ ਸਕਦਾ ਹੈ | ਡਾਈਟ ਇੰਚਾਰਜ ਨਰੇਸ਼ ਕੁਮਾਰ ਤੇ ਤਰੁਣਜੋਤ ਕੌਰ ਵਲੋਂ ਜ਼ਿਲ੍ਹਾ ਗਾਈਡੈਂਸ ਕੌਂਸਲਰ ਮੁਕੇਸ਼ ਵਰਮਾ ਦਾ ਨਿੱਘਾ ਸਵਾਗਤ ਕੀਤਾ | ਡਾਈਟ ਇੰਚਾਰਜ ਨਰੇਸ਼ ਕੁਮਾਰ ਨੇ ਵਿਦਿਆਰਥੀਆਂ ਨੂੰ ਦਿੱਤੇ ਪੇ੍ਰਰਨਾਦਾਇਕ ਤੇ ਮਾਰਗ ਦਰਸ਼ਨ ਭਰਪੂਰ ਲੈਕਚਰ ਲਈ ਮੁਕੇਸ਼ ਵਰਮਾ ਦਾ ਧੰਨਵਾਦ ਕੀਤਾ | ਸਮਾਗਮ ਦੀ ਇਕ ਵਿਸ਼ੇਸ਼ ਖਿੱਚ ਡਾਈਟ ਦੇ ਵਿਦਿਆਰਥੀ ਤੇ ਉੱਭਰਦੇ ਲੇਖਕ ਜੁਗਲ ਕਿਸ਼ੋਰ ਦੀ ਤੀਜੀ ਪੁਸਤਕ 'ਪਰਛਾਵਾਂ' ਦਾ ਲੋਕ ਅਰਪਣ ਸਮਾਗਮ ਰਿਹਾ |